ਫ਼ਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਖੋਜੀ ਲੇਖਕ ਨਾਜਰ ਸਿੰਘ ਦੀ ਪੁਸਤਕ ‘ਪੰਜਾਬੀ ਦਾ ਮੁੱਢ’ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕੀਤੀ।

ਇਸ ਮੌਕੇ ਉੱਘੇ ਪੰਜਾਬੀ ਲੇਖਕ ਸੁਰਜੀਤ ਸਿੰਘ ਨੇ ਲੇਖਕ ਨਾਜਰ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਦਰਵੇਸ਼ ਸ਼ਖ਼ਸੀਅਤ ਦੱਸਿਆ।
ਸਮਾਗਮ ਦੇ ਮੁੱਖ ਬੁਲਾਰੇ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਸਾਬਕਾ ਡਾਇਰੈਕਟਰ ਸ. ਚੇਤਨ ਸਿੰਘ ਨੇ ਪੁਸਤਕ ਨੂੰ ਨਵੇਂ ਖੋਜੀਆਂ ਲਈ ਬੇਹੱਦ ਲਾਹੇਵੰਦ ਦੱਸਿਆ। ਉਨ੍ਹਾਂ ਨੇ ਲੇਖਕ ਦੇ ਸਾਦਗੀਪੂਰਨ ਜੀਵਨ ਅਤੇ ਵੱਡੇ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਜਰ ਸਿੰਘ ਆਪਣੇ ਆਪ ਵਿੱਚ ਇੱਕ ਸੰਸਥਾ ਦਾ ਰੂਪ ਧਾਰ ਗਏ ਸਨ।

ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਹੁਤੇ ਵਿਦਵਾਨ ਪੰਜਾਬੀ ਭਾਸ਼ਾ ਦਾ ਮੁੱਢ ਸੰਸਕ੍ਰਿਤ ਵਿੱਚੋਂ ਹੋਇਆ ਮੰਨਦੇ ਹਨ, ਉੱਥੇ ਨਾਜਰ ਸਿੰਘ ਨੇ ਆਪਣੀਆਂ ਠੋਸ ਦਲੀਲਾਂ ਰਾਹੀਂ ਇਸ ਧਾਰਨਾ ਨੂੰ ਵੰਗਾਰਿਆ ਹੈ। ਇਸ ਮੌਕੇ ਖੇਤੀਬਾੜੀ ਵਿਭਾਗ, ਚੰਡੀਗੜ੍ਹ ਦੇ ਸੇਵਾਮੁਕਤ ਜੁਆਇੰਟ ਡਾਇਰੈਕਟਰ ਫ਼ਤਿਹਜੰਗ ਸਿੰਘ ਨੇ ਵੀ ਲੇਖਕ ਦੇ ਜੀਵਨ ਅਤੇ ਰਚਨਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਖੋਜੀ ਨਾਜਰ ਸਿੰਘ ਦੇ ਨਿਰਸਵਾਰਥ ਅਤੇ ਸਾਦਗੀਪੂਰਨ ਜੀਵਨ ਨੂੰ ਪ੍ਰੇਰਨਾਦਾਇਕ ਦੱਸਿਆ। ਉਨ੍ਹਾਂ ਕਿਹਾ ਕਿ ਲੇਖਕ ਦੇ ਜੀਵਨ ਅਤੇ ਖੋਜ ਕਾਰਜ ਪ੍ਰਤੀ ਸਮਰਪਣ ਤੋਂ ਸਿੱਖਿਆ ਲੈਣ ਦੀ ਲੋੜ ਹੈ।
ਵਿਚਾਰ-ਚਰਚਾ ਦੀ ਕਨਵੀਨਰ ਡਾ. ਹਰਪ੍ਰੀਤ ਕੌਰ ਨੇ ਸਮਾਗਮ ਵਿੱਚ ਸ਼ਾਮਲ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੇਖਕ ਦੇ ਭਾਣਜੇ ਅਤੇ ਭਾਣਜੀ ਗੁਰਿੰਦਰ ਸਿੰਘ ਤੇ ਪਰਵੀਨ ਕੌਰ ਤੋਂ ਇਲਾਵਾ ਸ. ਮੇਵਾ ਸਿੰਘ, ਸੇਵਾਮੁਕਤ ਅੰਡਰ ਸੈਕਟਰੀ, ਪੰਜਾਬ ਅਤੇ ਸ. ਅਵਤਾਰ ਸਿੰਘ, ਸੇਵਾਮੁਕਤ ਮੈਨੇਜਰ, ਐੱਲ.ਆਈ.ਸੀ. ਵੀ ਹਾਜ਼ਰ ਸਨ।
