ਇਤਿਹਾਸ ਬਣਾਉਣਾ ਅਤੇ ਇਤਿਹਾਸ ਨੂੰ ਸ਼ਾਬਦਿਕ ਲੜੀ ਵਿੱਚ ਪਰੋਣਾ ਦੋਹੇਂ ਬਿਖਮ ਔਰ ਸਾਹਸ ਭਰੇ ਕਾਰਜ ਹਨ। ਸਿੱਖ ਸਫ਼ਰ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ‘ਤੇ ਦਸ ਗੁਰੂ ਸਾਹਿਬਾਨ ਦੀ ਨਾਨਕ ਜੋਤ ਰਾਹੀਂ ਕਈ ਪੜਾਅ ਤੈਅ ਕਰਦਾ ਹੋਇਆ ਅਜੋਕੇ ਸਮਿਆਂ ਅੰਦਰ ਪਹੁੰਚਿਆ। ਇਸ ਸਾਰੇ ਸਫ਼ਰ ਦੌਰਾਨ ਸਿੱਖਾਂ ਦਾ ਮੁੱਖ ਗੁਰੂ ਵੱਲ ਅਤੇ ਸੁਰਤਿ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲਦਿਆਂ ਸਰਬੱਤ ਦੇ ਭਲੇ ਵਾਲੀ ਰਹੀ। ਜੇ ਕਿਤੇ ਸਿੱਖ ਨੇ ਆਪਣੀ ਸੁਰਤਿ ਵਿਚ ਵਿਘਨ ਵੀ ਪਾਇਆ ਤਾਂ ਉਹ ਗੁਰੂ ਪਿਆਰ ਤੋਂ ਬੇਮੁਖ ਹੋ ਗਿਆ ਅਤੇ ਇਤਿਹਾਸ ਅੰਦਰ ਉਸ ਦੀ ਜਗ੍ਹਾ ਅਲੋਪ ਹੋ ਗਈ। ਬੇਅੰਤ ਕਿਸਮ ਦੇ ਮੌਸਮ ਸਿੱਖਾਂ ਦੇ ਇਸ ਇਤਿਹਾਸਿਕ ਸਫ਼ਰ ਨੇ ਦੇਖੇ। ਸਮੇਂ ਦੀਆਂ ਹਕੂਮਤਾਂ ਨੇ ਆਪਣੇ ਜ਼ੁਲਮਾਂ ਦੀ ਕੋਈ ਕਸਰ ਬਾਕੀ ਨ ਛੱਡੀ , ਪਰ ਸਿੱਖ ਹਰ ਪਰਖ ਵਿਚੋਂ ਗੁਰੂ ਦੀ ਢੋਈ ਸਦਕਾ ਸੁਰਖਰੂ ਹੋ ਨਿਕਲਦੇ ਰਹੇ। 1984 ਦਾ ਵਰ੍ਹਾ ਵੀ ਸਿੱਖਾਂ ਲਈ ਇਸੇ ਤਰ੍ਹਾਂ ਦੀ ਪਰਖ ਲੈ ਕੇ ਹਾਜ਼ਰ ਹੋਇਆ ਸੀ। ਪਹਿਲਾਂ ਜੂਨ ਦੇ ਮਹੀਨੇ ਸ੍ਰੀ ਦਰਬਾਰ ਸਾਹਿਬ ਸਮੇਤ ਅਨੇਕਾਂ ਗੁਰਧਾਮਾਂ ਉੱਪਰ ਭਾਰਤੀ ਫੌਜ ਦਾ ਹਮਲਾ ਅਤੇ ਫੇਰ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਸਮੁੱਚੇ ਭਾਰਤ ਅੰਦਰ ਸਿੱਖਾਂ ਦੀ ਨਸਲਕੁਸ਼ੀ ਦਾ ਦੌਰ, ਸਮਝੋ ਸਿੱਖਾਂ ਲਈ ਕਹਿਰ ਦਾ ਸਮਾਂ ਹੀ ਚੱਲ ਰਿਹਾ ਸੀ। ਸਮੁੱਚੇ ਭਾਰਤ ਅੰਦਰ ਸਿੱਖਾਂ ਨੂੰ ਚੁਣ ਚੁਣ ਕੇ, ਲੱਭ ਲੱਭ ਕੇ ਕਤਲ ਕੀਤਾ ਗਿਆ ਔਰ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ। ਪਰ ਸਿੱਖਾਂ ਦੇ ਸਿਦਕ ਦੇ ਇਸ਼ਾਰੇ ਇਸ ਭਿਆਨਕ ਦੌਰ ਅੰਦਰ ਵੀ ਉਸੇ ਜਾਹੋ ਜਲਾਲ ਵਿੱਚ ਦੇਖਣ ਸੁਨਣ ਨੂੰ ਮਿਲਦੇ ਹਨ।
ਜੂਨ 1984 ਦੇ ਫੌਜੀ ਹਮਲੇ ਦਾ ਜ਼ਿਕਰ ਸਿੱਖ ਪੱਖ ਤੋਂ ਕਈ ਲਿਖਤਾਂ ਵਿੱਚ ਆ ਗਿਆ ਸੀ ਪਰ ਨਵੰਬਰ 1984 ਦੀ ਨਸਲਕੁਸ਼ੀ ਦੀਆਂ ਲਗਭਗ ਸਾਰੀਆਂ ਪਰਤਾਂ ਅਜੇ ਅਣਫੋਲੀਆਂ ਪਈਆਂ ਸਨ। ਹਾਂ ਕੁਝ ਇਕ ਲਿਖਤਾਂ ਆਈਆਂ ਪਰ ਉਹਨਾਂ ਵਿੱਚ ਵੀ ਇਕਾ ਦੁੱਕਾ ਸ਼ਹਿਰਾਂ ਦੀ ਬਾਤ ਹੀ ਪਾਈ ਗਈ ਸੀ। ਜਦਕਿ ਇਸ ਨਸਲਕੁਸ਼ੀ ਦਾ ਘੇਰਾ ਸਮੁੱਚੇ ਭਾਰਤ ਅੰਦਰ ਫੈਲਿਆ ਹੋਇਆ ਸੀ। ਸੋ ਇਸ ਬਿਖਮ ਕਾਰਜ ਨੂੰ ਕਰਨ ਦਾ ਸੁਭਾਗ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਦੇ ਹਿੱਸੇ ਆਇਆ। ਉਹਨਾਂ ਨੇ ਸਿੱਖ ਖਾੜਕੂ ਲਹਿਰ ਦੇ ਰੂਹੇ ਰਵਾਂ ਰਹੇ ਭਾਈ ਦਲਜੀਤ ਸਿੰਘ ਬਿੱਟੂ ਦੀ ਸੁਯੋਗ ਅਗਵਾਈ ਹੇਠ ਇਹ ਕਾਰਜ ਕਰਨ ਦਾ ਫੈਸਲਾ ਕੀਤਾ। ਲਗਾਤਾਰ ਹਰ ਥਾਂ, ਜਗ੍ਹਾ ਪਹੁੰਚ ਸਾਰੀ ਜਾਣਕਾਰੀ ਇਕੱਤਰ ਕੀਤੀ ਅਤੇ ਫੇਰ ਉਸ ਨੂੰ ਗੰਭੀਰਤਾ ਸੰਗ ਵਾਚ ਕੇ ਇਸ ਸਾਰੀ ਇਕੱਤਰ ਹੋਈ ਸਮੱਗਰੀ ਨੂੰ ਸ਼ਾਬਦਿਕ ਰੂਪ ਵਿੱਚ ਢਾਲਿਆ। ਜਿਹੜਾ ਕਿ ਲਗਾਤਾਰ ਪਹਿਲੀ, ਦੂਸਰੀ ਔਰ ਇਹ ਤੀਸਰੀ ਜਿਲਦ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਹਾਜ਼ਰ ਹੈ।

ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। ਇਸ ਕਿਰਤ ਦੇ ਲੇਖਕਾਂ ਦੀ ਬਾਰੀਕ ਔਰ ਲਗਨ ਵਾਲੀ ਮਿਹਨਤ ਨੇ ਇਸ ਕਿਤਾਬ ਨੂੰ ਸਟੀਕ ਦਸਤਾਵੇਜ਼ ਵਜੋਂ ਦਰਜ ਕਰਵਾ ਦਿੱਤਾ ਹੈ। ਹੁਣ ਤੱਕ ਸਾਡੇ ਵਿੱਚੋਂ ਬਹੁਤੇ ਇਸ ਨਸਲਕੁਸ਼ੀ ਦਾ ਕੇਂਦਰ ਸਿਰਫ ਚਾਰ ਪੰਜ ਸ਼ਹਿਰਾਂ ਨੂੰ ਹੀ ਮੰਨਦੇ ਜਾਂ ਸਮਝਦੇ ਰਹੇ ਹਨ। ਪਰ ਅਜਿਹਾ ਨਹੀਂ ਹੈ….ਇਸ ਖੋਜ ਨੇ ਦਰਸਾ ਦਿੱਤਾ ਕਿ ਪੰਜਾਬ ਨੂੰ ਛੱਡ ਬਾਕੀ ਸਮੁੱਚਾ ਭਾਰਤ ਕਿਤੇ ਵੱਧ ਕਿਤੇ ਘੱਟ, ਕਿਤੇ ਤੇਜ ਕਿਤੇ ਹੌਲੀ ਗਤੀ ਵਾਲੀ ਤਰਜ਼ ਅਨੁਸਾਰ ਇਸ ਵਰਤਾਰੇ ਦਾ ਕੇਂਦਰ ਬਣਿਆ ਰਿਹਾ।
ਹਰ ਚੈਪਟਰ ਆਪਣੇ ਆਪ ਵਿੱਚ ਇਕ ਮੁਕੰਮਲ ਡਾਕੂਮੈਂਟਰੀ ਬਣਦਾ ਨਜ਼ਰ ਆ ਰਿਹਾ। ਖ਼ਾਸ ਤੌਰ ਤੇ ਮੇਰੇ ਵਰਗੇ ਪਾਠਕ ਲਈ ਜਿਸਨੇ ਉਹ ਸਮਾਂ ਆਵਦੇ ਬਚਪਨ ਸੰਗ ਲੰਘਾਇਆ ਤੇ ਉਸ ਵਕਤ ਦੇ ਰਹਿਣ ਸਹਿਣ ਤੋਂ ਵਾਕਫ਼ ਹਾਂ। ਸੋ ਮੇਰੇ ਅੱਗੇ ਹਰ ਚੈਪਟਰ ਪੜ੍ਹਦਿਆਂ ਇਕ ਪੂਰਾ ਦ੍ਰਿਸ਼ ਚਿੱਤਰਣ ਫ਼ਿਲਮ ਵਾਂਗ ਅੰਗ-ਸੰਗ ਰਿਹਾ।
ਸਭਨਾਂ ਰਾਹਾਂ, ਥਾਵਾਂ ਦਾ ਜਾ ਜਾ ਕੇ ਵੇਰਵਾ ਲਿਆ। ਚਸ਼ਮਦੀਦ ਵਿਅਕਤੀਆਂ ਤੋਂ ਤੱਥ ਇਕੱਠੇ ਕੀਤੇ। ਸੰਬੰਧਿਤ ਸਰਕਾਰੀ ਔਰ ਗੈਰ ਸਰਕਾਰੀ ਫ਼ਾਈਲਾਂ ਨੂੰ ਪੜਤਾਲਿਆ…..ਫੇਰ ਕਿਤੇ ਜਾ ਕੇ ਇਸ ਕਿਤਾਬ ਦੀ ਤਿਆਰੀ ਆਰੰਭ ਹੋਈ। ਅਜੇ ਇਸ ਹੌਲਨਾਕ ਵਰਤਾਰੇ ਦੀਆਂ ਹੋਰ ਪਰਤਾਂ ਇਸ ਤੋਂ ਅਗਲੀਆਂ ਜਿਲਦਾਂ ਵਿੱਚ ਵੀ ਆਉਣੀਆਂ ਬਾਕੀ ਹਨ।
ਇਸ ਮੁਸ਼ੱਕਤ ਭਰੇ ਤੇ ਵਡੇਰੇ ਕਾਰਜ ਲਈ ਜਿੱਥੇ ਕਿਤਾਬ ਦੀ ਲੇਖਕ ਜੋੜੀ ਸਰਦਾਰ ਗੁਰਜੰਟ ਸਿੰਘ ਸਿੰਘ ਬੱਲ (ਗੁਰਜੰਟ ਸਿੰਘ ਬੱਲ) ਅਤੇ ਸਰਦਾਰ ਸੁਖਜੀਤ ਸਿੰਘ ਸਦਰਕੋਟ (ਸੁਖਜੀਤ ਸਿੰਘ) ਸਾਬਾਸ਼ ਦੇ ਹੱਕਦਾਰ ਹਨ ਓਥੇ ਇਸਦੇ ਪ੍ਰਕਾਸ਼ਨ ਅਦਾਰੇ ‘ਬਿਬੇਕਗੜ੍ਹ ਪ੍ਰਕਾਸ਼ਨ’ (ਬਿਬੇਕਗੜ੍ਹ ਪ੍ਰਕਾਸ਼ਨ) ਦੀ ਵੀ ਪਿੱਠ ਥਾਪੜਣੀ ਬਣਦੀ ਹੈ।
ਪਾਠਕ ਅਜਿਹੀਆਂ ਕਿਰਤਾਂ ਦੀ ਹੌਸਲਾਂ ਅਫਜਾਈ ਕਰਨ, ਇਹ ਸਾਡਾ ਨੈਤਿਕ ਫਰਜ ਵੀ ਬਣਦਾ।
-ਰਾਜਪਾਲ ਸਿੰਘ ਸੰਧੂ