ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗੱਠਜੋੜ ਨੂੰ ਹਿੰਦੂ-ਸਿੱਖ ਏਕਤਾ ਦਾ ਨਾਂ ਦੇਣ ਦੀ ਨਿਖੇਧੀ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਹੈ ਕਿ ਨਾ ਤਾਂ ਭਾਜਪਾ ਹਿੰਦੂਆਂ ਦੀ ਇਕਲੌਤੀ ਠੇਕੇਦਾਰ ਹੈ ਅਤੇ ਨਾ ਹੀ ਬਾਦਲ ਦਲ ਕੋਲ ਹੁਣ ਕੋਈ ਪੰਥਕ ਸਾਖ ਬਚੀ ਹੈ। ਦਲ ਖ਼ਾਲਸਾ ਦਾ ਸਪੱਸ਼ਟ ਮੱਤ ਹੈ ਕਿ ਭਾਜਪਾ ਅਤੇ ਬਾਦਲ ਦਲ ਦੇ ਇਸ ਅਪਵਿੱਤਰ ਤੇ ਸਿਧਾਂਤਹੀਣ ਗੱਠਜੋੜ ਵਿੱਚ ਪੰਜਾਬ ਅਤੇ ਸਿੱਖਾਂ ਦੇ ਭਲੇ ਅਤੇ ਬੇਹਤਰ ਭਵਿੱਖ ਵਾਲੀ ਕੋਈ ਗੱਲ ਨਹੀਂ ਹੈ।
ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ, “ਇਸ ਸਿਆਸੀ ਸਾਂਝ ਲਈ ਗੁਰਪੁਰਬ ਦੇ ਦਿਹਾੜੇ ਦੀ ਚੋਣ ਕਰਨੀ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਹੈ। ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਜਾਣਬੁੱਝ ਕੇ ਇਸ ਪਾਵਨ ਦਿਹਾੜੇ ਨੂੰ ਚੁਣਿਆ ਹੈ ਤਾਂ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਿਆਸੀ ਲਾਹਾ ਖੱਟਿਆ ਜਾ ਸਕੇ।”

ਉਨ੍ਹਾਂ ਕਿਹਾ ਕਿ ਜਿਸ ਵੇਲੇ ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਮਨੁੱਖਤਾ ਨਾਲ ਪਿਆਰ ਅਤੇ ਸਤਿਕਾਰ ਦਾ ਸਰਬ-ਸਾਂਝਾ ਸੁਨੇਹਾ ਦੇ ਰਹੀਆਂ ਸਨ, ਉਸੇ ਵੇਲੇ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਹਿੰਦੂਤਵੀ ਸੋਚ ਦੀ ਧਾਰਨੀ ਅਤੇ ਨਫ਼ਰਤ ਫੈਲਾਉਣ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਅਪਵਿੱਤਰ ਤੇ ਸਿਧਾਂਤਹੀਣ ਗੱਠਜੋੜ ਕਰਕੇ ਸਿੱਖ ਕੌਮ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।
ਸਿੱਖ ਹੱਕਾਂ ਦੀ ਅਲੰਬਰਦਾਰ ਸਿਆਸੀ ਜਥੇਬੰਦੀ ਦਲ ਖ਼ਾਲਸਾ ਨੇ ਕਿਹਾ ਕਿ ਪੰਜਾਬ ਦੀਆਂ ਚਿਰੋਕਣੀਆਂ ਮੰਗਾਂ ਅਤੇ ਗੰਭੀਰ ਮਸਲਿਆਂ ਨੂੰ ਹੱਲ ਕਰਵਾਏ ਬਿਨਾਂ ਕੀਤਾ ਗਿਆ ਇਹ ਗੱਠਜੋੜ ਪੰਜਾਬ ਦੇ ਲੋਕਾਂ ਦੇ ਵਿਸ਼ਵਾਸਾਂ ਨਾਲ ਧ੍ਰੋਹ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਵਾਉਣ, ਅਟਾਰੀ ਸਰਹੱਦ ਰਾਹੀਂ ਵਪਾਰ ਮੁੜ ਸ਼ੁਰੂ ਕਰਵਾਉਣ, ਕਿਸਾਨੀ ਸੰਕਟ ਦੇ ਹੱਲ, ਪੰਜਾਬ ਨਾਲ ਹੋਈਆਂ ਸੰਵਿਧਾਨਕ ਵਧੀਕੀਆਂ, ਬੰਦੀ ਸਿੰਘਾਂ ਦੀ ਰਿਹਾਈ, ਦਾਗ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਅਤੇ ਗੁਰੂ ਸਾਹਿਬ ਦੇ ਅਪਮਾਨ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਰਗੇ ਅਹਿਮ ਮਸਲਿਆਂ ਨੂੰ ਦਰਕਿਨਾਰ ਕਰਕੇ ਕੀਤੇ ਇਸ ਸਮਝੌਤੇ ਲਈ ਪੰਜਾਬ ਦੇ ਲੋਕ ਬਾਦਲਾਂ ਨੂੰ ਨਾ ਕਦੇ ਮੁਆਫ਼ ਕਰਨਗੇ ਅਤੇ ਨਾ ਹੀ ਉਨ੍ਹਾਂ ਦੀ ਇਸ ਹਰਕਤ ਨੂੰ ਭੁੱਲਣਗੇ।
ਕੰਵਰਪਾਲ ਸਿੰਘ ਨੇ ਕਿਹਾ, “ਬਾਦਲਾਂ ਨੇ ਇਕ ਵਾਰ ਫਿਰ ਪੰਜਾਬ ਦੇ ਹਿੱਤ ਅਤੇ ਹੱਕ ਅਜਿਹੀ ਪਾਰਟੀ ਕੋਲ ਗਿਰਵੀ ਰੱਖ ਦਿੱਤੇ ਹਨ, ਜਿਸ ਦਾ ਕਿਰਦਾਰ ਹੀ ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਹੈ।”

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਇੱਕ ਮਜ਼ਬੂਤ ਕੇਂਦਰ ਦੀ ਕੀਤੀ ਗਈ ਵਕਾਲਤ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਮੂਲ ਭਾਵਨਾ ਦੇ ਬਿਲਕੁਲ ਉਲਟ ਹੈ। ਇਹ ਉਹ ਮਤਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਦ ਤਿਆਰ ਕੀਤਾ ਸੀ ਅਤੇ ਜਿਸ ਦੀ ਪ੍ਰਾਪਤੀ ਲਈ ਸਿੱਖਾਂ ਨੇ ਇਕ ਤੋਂ ਬਾਅਦ ਇਕ ਮੋਰਚੇ ਲਾਏ ਅਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ।
ਭਾਜਪਾ ਅਤੇ ਬਾਦਲ ਦਲ ਦੀ ਮੁੜ ਸਾਂਝ ਨੂੰ ਬਹੁ-ਪ੍ਰਚਾਰਿਤ ‘ਨਹੁੰ-ਮਾਸ ਦਾ ਰਿਸ਼ਤਾ’ ਦੱਸਣ ਉੱਤੇ ਵਿਅੰਗ ਕੱਸਦਿਆਂ ਦਲ ਖ਼ਾਲਸਾ ਦੇ ਆਗੂ ਨੇ ਕਿਹਾ, “ਇਨ੍ਹਾਂ ਨਹੁੰਆਂ ਨੇ ਸਾਡੇ ਮਾਸ ਨੂੰ ਹੀ ਨੋਚਿਆ ਹੈ, ਹਰ ਮੌਕੇ ਸਾਡੇ ਜ਼ਖ਼ਮਾਂ ਨੂੰ ਕੁਰੇਦਿਆ ਹੈ, ਘੱਟ-ਗਿਣਤੀਆਂ ਅਤੇ ਦੁਨੀਆ ਭਰ ਦੇ ਸਿੱਖਾਂ ਵਿਰੁੱਧ ਨਫ਼ਰਤ ਫੈਲਾਈ ਹੈ। ਅਫ਼ਸੋਸ ਕਿ ਸੱਤਾ ਦੇ ਲਾਲਚ ਵਿੱਚ ਅੰਨ੍ਹੇ ਹੋਏ ਬਾਦਲ ਦਲ ਦੇ ਆਗੂਆਂ ਨੂੰ ਭਾਜਪਾ ਦਾ ਘਿਨੌਣਾ ਚਿਹਰਾ ਵਿਖਾਈ ਨਹੀਂ ਦਿੰਦਾ। ਉਨ੍ਹਾਂ ( ਬਾਦਲਾਂ) ਦੀਆਂ ਨਜ਼ਰਾਂ ਤਾਂ ਇਸ ਸਾਂਝ ਰਾਹੀਂ ਹੋਣ ਵਾਲੇ ਇਕੋ-ਇਕ ਸੰਭਾਵੀ ਸਿਆਸੀ ਲਾਭ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਹ ਹੈ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਵਿੱਚ ਹਰਸਿਮਰਤ ਕੌਰ ਬਾਦਲ ਲਈ ਕੇਂਦਰੀ ਵਜ਼ਾਰਤ ਦੀ ਇਕ ਕੁਰਸੀ।” ਕੰਵਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਗੱਠਜੋੜ ਵਿੱਚ ਪੰਜਾਬ ਅਤੇ ਸਿੱਖਾਂ ਦੇ ਭਲੇ ਅਤੇ ਬੇਹਤਰੀ ਲਈ ਕੁਝ ਵੀ ਨਹੀਂ ਹੈ।