ਮਨੀਲਾ : ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਸਥਿਤ ਸਦੀ ਤੋਂ ਵੱਧ ਪੁਰਾਣੇ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਮੁੜ ਉਸਾਰੀ ਲਈ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਰੱਖੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸਵਾਲ ਉਠਾਏ ਹਨ।

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਆਪਣੇ ਫਿਲੀਪੀਨਜ਼ ਦੌਰੇ ਦੌਰਾਨ ਮੰਗਲਵਾਰ ਨੂੰ ਮਨੀਲਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਦੇ ਕਾਰਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਗੁਰਦੁਆਰੇ ਦੀ ਮੁੜ ਉਸਾਰੀ ਤਹਿਤ ਪੰਜ ਮੰਜ਼ਿਲਾ ਇਮਾਰਤ ਬਣਾਉਣ ਦੀ ਯੋਜਨਾ ਹੈ, ਜਿਸ ਨੂੰ 2029 ਵਿੱਚ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਮਨੀਲਾ ਦੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਖਵਾਇਆ ਗਿਆ।
ਉਨ੍ਹਾਂ ਸਵਾਲ ਕੀਤਾ ਕਿ ਕੀ ਮੋਦੀ ਪੰਜ ਪਿਆਰਿਆਂ ਤੋਂ ਉੱਪਰ ਹਨ? ਕੀ ਕਿਸੇ ਗੈਰ-ਸਿੱਖ ਸਿਆਸੀ ਆਗੂ ਨੂੰ ਅਜਿਹੇ ਧਾਰਮਿਕ ਕਾਰਜ ਲਈ ਸੱਦਾ ਦੇਣਾ ਸਹੀ ਹੈ? ਉਨ੍ਹਾਂ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਜੁੜੇ ਵਿਅਕਤੀ ਨੂੰ ਧਾਰਮਿਕ ਮੰਨਣ ਬਾਰੇ ਵੀ ਸਵਾਲ ਉਠਾਇਆ। ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਕਿ ਕੀ ਇਸ ਘਟਨਾ ਨੂੰ ਲੈ ਕੇ ਕਿਸੇ ਹੋਰ ਨੂੰ ਵੀ ਇਤਰਾਜ਼ ਮਹਿਸੂਸ ਹੋਇਆ ਹੈ ਜਾਂ ਇਸ ਬਾਰੇ ਸਿਰਫ਼ ਉਹ ਹੀ ਸਵਾਲ ਉਠਾ ਰਹੇ ਹਨ।