ਚੰਡੀਗੜ੍ਹ : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਅੱਜ ਆਪਣੀ ਸਵਰਗੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਪਹੁੰਚੇ। ਸਖ਼ਤ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਹੋਏ ਸਸਕਾਰ ਮੌਕੇ ਉਨ੍ਹਾਂ ਨੇ ਵਿਛੜੀ ਦਾਦੀ ਨੂੰ ਅੰਤਿਮ ਵਿਦਾਇਗੀ ਦਿੱਤੀ।

ਮਾਤਾ ਚਰਨ ਕੌਰ ਦਾ ਸਸਕਾਰ ਪਿੰਡ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਕੀਤਾ ਗਿਆ, ਜਿੱਥੇ ਕਰੀਬ ਪੰਜ ਏਕੜ ਰਕਬੇ ਵਿੱਚ ਸਸਕਾਰ ਸਮਾਗਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

ਤਿੰਨ ਘੰਟਿਆਂ ਦੀ ਗਾਰਦ ’ਤੇ ਪਿੰਡ ਪਹੁੰਚੇ ਅੰਮ੍ਰਿਤਪਾਲ ਸਿੰਘ ਅੰਤਿਮ ਰਸਮਾਂ ਦੌਰਾਨ ਪੁਲੀਸ ਸੁਰੱਖਿਆ ਹੇਠ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨੇ ਹੱਥ ਜੋੜ ਕੇ ਅੰਤਿਮ ਦਰਸ਼ਨਾਂ ਅਤੇ ਵਿਦਾਇਗੀ ਲਈ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਮਾਤਾ ਚਰਨ ਕੌਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਤੋਂ ਫੁੱਲਾਂ ਨਾਲ ਸਜਾਈ ਟਰਾਲੀ ਰਾਹੀਂ ਸਸਕਾਰ ਵਾਲੀ ਥਾਂ ਲਿਜਾਇਆ ਗਿਆ। ਅੰਤਿਮ ਯਾਤਰਾ ਵਿੱਚ ਪਰਿਵਾਰਕ ਮੈਂਬਰਾਂ, ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਸੰਗਤ ਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਲੋਕਾਂ ਨੇ ਨਮ ਅੱਖਾਂ ਨਾਲ ਮਾਤਾ ਚਰਨ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ।