ਦੱਖਣੀ ਏਸ਼ੀਆ ਵਿੱਚ ਬਦਲਦੇ ਖੇਤਰੀ ਹਾਲਾਤ ਅਤੇ ਵਿਸ਼ਵ ਪੱਧਰ ’ਤੇ ਬਦਲ ਰਹੇ ਭੂ-ਸਿਆਸੀ ਸਮੀਕਰਨਾਂ ਨੇ ਇੱਕ ਵਾਰ ਫਿਰ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਕੌਮਾਂਤਰੀ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਭਾਰਤ-ਪਾਕਿਸਤਾਨ ਦੇ ਬਦਲਦੇ ਸੁਰੱਖਿਆ ਸਮੀਕਰਨ, ਖੇਤਰ ਵਿੱਚ ਵਧ ਰਹੀ ਮੁਕਾਬਲੇਬਾਜ਼ੀ ਅਤੇ ਸਰਹੱਦੀ ਸਥਿਰਤਾ ਨਾਲ ਜੁੜੀਆਂ ਚਿੰਤਾਵਾਂ ਕਾਰਨ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਮਾਮਲਿਆਂ ਵੱਲ ਕੌਮਾਂਤਰੀ ਪੱਧਰ ’ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿੱਖ ਪਛਾਣ, ਸਿਆਸੀ ਹੱਕਾਂ, ਵਿਦੇਸ਼ਾਂ ਵਿੱਚ ਸਿੱਖਾਂ ਦੀ ਸਰਗਰਮੀ ਅਤੇ ਵਿਦੇਸ਼ੀ ਧਰਤੀ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ ਵਰਗੇ ਮੁੱਦੇ ਵੀ ਕੌਮਾਂਤਰੀ ਸੰਸਥਾਵਾਂ, ਵਿਦੇਸ਼ੀ ਸਰਕਾਰਾਂ ਅਤੇ ਵਿਸ਼ਵ ਮੀਡੀਆ ਦੀਆਂ ਚਰਚਾਵਾਂ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ। ਸਿੱਖ ਮਸਲੇ ਹੁਣ ਇੱਕ ਵਿਆਪਕ ਕੌਮਾਂਤਰੀ ਚਰਚਾ ਦਾ ਹਿੱਸਾ ਬਣ ਰਹੇ ਹਨ।
ਪੰਜਾਬ ਵਿੱਚ ਮਨੁੱਖੀ ਹੱਕਾਂ ਨਾਲ ਸਬੰਧਤ ਮਸਲਿਆਂ ਨੂੰ ਉਭਾਰਨ ਅਤੇ ਕੌਮਾਂਤਰੀ ਸੰਸਥਾਵਾਂ, ਵਿਦੇਸ਼ੀ ਸਰਕਾਰਾਂ ਤੇ ਸੰਯੁਕਤ ਰਾਸ਼ਟਰ ਦੇ ਅਦਾਰਿਆਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕੀਤੇ ਜਾ ਰਹੇ ਸੰਗਠਿਤ ਯਤਨਾਂ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ।
ਕੂਟਨੀਤਕ ਅਤੇ ਹੱਕਾਂ ਦੀ ਪੈਰਵੀ ਨਾਲ ਜੁੜੇ ਯਤਨਾਂ, ਉਨ੍ਹਾਂ ਦੀ ਪ੍ਰਭਾਵਸ਼ੀਲਤਾ ਅਤੇ ਵਿਆਪਕ ਅਸਰ ਬਾਰੇ ਜਾਣਨ ਲਈ ਪੱਤਰਕਾਰ ਮਨਦੀਪ ਸਿੰਘ ਨੇ ਭਾਈ ਮੋਨਿੰਦਰ ਸਿੰਘ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਜਥੇਬੰਦੀ ਦੀ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕੌਂਸਲ ਦੇ ਸੈਸ਼ਨਾਂ ਅਤੇ ਹੋਰ ਕੌਮਾਂਤਰੀ ਮੰਚਾਂ ’ਤੇ ਹਾਲੀਆ ਸ਼ਮੂਲੀਅਤ ਕੇਂਦਰ ਵਿੱਚ ਹੈ, ਜਿੱਥੇ ਨੁਮਾਇੰਦਿਆਂ ਵੱਲੋਂ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਮਸਲਿਆਂ ਨੂੰ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਤੰਤਰਾਂ ਅਤੇ ਕੌਮਾਂਤਰੀ ਪੱਧਰ ਦੇ ਸਬੰਧਤ ਧਿਰਾਂ ਸਾਹਮਣੇ ਉਠਾਇਆ ਗਿਆ।