ਅਨੰਦਪੁਰ ਸਾਹਿਬ (06 ਅਕਤੂਬਰ): ਅੱਜ ਜਾਰੀ ਇਕ ਸਾਂਝੇ ਬਿਆਨ ਵਿੱਚ ਪੰਚ ਪ੍ਰਧਾਨੀ ਜਥੇ ਵੱਲੋਂ ਕਿਹਾ ਗਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿਖੇ ਵਾਪਰੀ ਸ਼ਰਮਨਾਕ ਕਥਿਤ ਵਾਰਦਾਤ ਨਾਲ ਪੂਰੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਗੁਰੂਘਰਾਂ ਦੀਆਂ ਸਰਾਵਾਂ ਦਾ ਨਾਂਅ ਬਦਨਾਮ ਹੋਇਆ ਹੈ। ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਉਸ ਦੇ ਧੜੇ ਦੇ ਸਾਰੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਤੇ ਮੈਂਬਰ, ਵਾਪਰੀ ਇਸ ਕਥਿਤ ਘਿਣਾਉਣੀ ਵਾਰਦਾਤ ਦੇ ਜ਼ਿੰਮੇਵਾਰ ਹਨ ਅਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ, ਓਨਾ ਚਿਰ ਕਮੇਟੀ ਦੇ ਪ੍ਰਬੰਧਾਂ ਦੀ ਸੇਵਾ ਤੋਂ ਖ਼ੁਦ ਹੀ ਪਾਸੇ ਹੋ ਜਾਣਾ ਚਾਹੀਦਾ ਹੈ, ਜਿੰਨਾ ਚਿਰ ਗੁਰੂ ਪੰਥ ਵੱਲੋਂ ਨਿਯੁਕਤ ਪੰਥ ਪ੍ਰਵਾਨਤ ਯੋਗ ਸ਼ਖ਼ਸੀਅਤਾਂ ਦੀ ਜਾਂਚ ਕਮੇਟੀ, ਖ਼ਾਲਸਾਈ ਵਿਧਾਨ ਅਨੁਸਾਰ ਇਸ ਵਾਰਦਾਤ ਦੀ ਜਾਂਚ ਕਰਕੇ ਇਹਨਾਂ ਨੂੰ ਦੋਸ਼ ਮੁਕਤ ਨਹੀਂ ਕਰ ਦਿੰਦੀ।
ਬਿਆਨ ਜਾਰੀ ਕਰਦਿਆਂ ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਖ਼ਾਲਸਾਈ ਮਰਯਾਦਾ ਨੂੰ ਅੱਖੋਂ ਪਰੋਖੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਪੰਥਕ ਸੰਸਥਾਵਾਂ ਦੀ ਹਾਜ਼ਰੀ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਵੱਲੋਂ ਚੋਰੀ ਛਿਪੇ ਨਿਯੁਕਤ ਕੀਤੇ ਗਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਗਿਆਨੀ ਕੁਲਦੀਪ ਸਿੰਘ ਗੜਗੱਜ, ਪੰਥ ਪ੍ਰਵਾਨਤ ਜਥੇਦਾਰ ਨਹੀਂ, ਵਿਵਾਦਤ ਹਨ ਅਤੇ ਉਹਨਾਂ ਵੱਲੋਂ ਸਿਆਸੀ ਦਬਾਅ ਤੇ ਪ੍ਰਭਾਵ ਹੇਠ ਜਾਰੀ ਕੀਤੇ ਜਾ ਰਹੇ ਆਦੇਸ਼, ਸੰਦੇਸ਼ ਤੇ ਹੁਕਮਨਾਮੇ ਵੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਗੁਰਮਤਿ ਵਿਧੀ ਵਿਧਾਨ ਅਨੁਸਾਰੀ ਨਹੀਂ ਹਨ।

ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੇ ਘਟਨਾ ਕਰਮ ਨਾਲ ਜੁੜੇ ਬੰਦਿਆਂ, ਦੋਸ਼ ਮੁਕਤ ਹੋਣ ਲਈ ਸਚਾਈ ਨੂੰ ਛੁਪਾ ਕੇ ਸੱਚੇ ਹੋਣ ਲਈ ਕੂੜ ਸਪੱਸ਼ਟੀਕਰਨ ਦੇਣ ਵਾਲਿਆਂ, ਮਿਥ ਕੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਵਾਲਿਆਂ, ਵਿਰੋਧੀ ਹੋਣ ਕਰਕੇ ਵਿਰੋਧ ਕਰਨ ਵਾਲਿਆਂ, ਸਰਕਾਰੀ ਬੁਲਾਰਿਆਂ, ਇੱਕ ਦੂਜੇ ਵਿਰੁੱਧ ਈਰਖਾ ਭਾਵਨਾ, ਵੈਰ-ਵਿਰੋਧ ਤੇ ਕਿੜ ਕੱਢਣ ਲਈ ਬਿਆਨਬਾਜ਼ੀ ਕਰਨ ਵਾਲਿਆਂ, ਵਿਊ ਵਧਾਉਣ ਦੇ ਯਤਨ ਕਰਨ ਲਈ ਚਸਕੇ ਲਾਉਣ ਵਾਲੇ ਚੈਨਲਾਂ ਅਤੇ ਅਸ਼ਲੀਲ ਵਿਅੰਗ ਕੱਸਣ ਵਾਲਿਆਂ ਨੂੰ ਇਸ ਹੋੜ ਤੋਂ ਬਾਜ਼ ਆਉਣਾ ਚਾਹੀਦਾ ਹੈ। ਗੁਰੂ ਪੰਥ ਤੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦਾ ਕੋਈ ਵੀ ਹੀਆ ਨਾ ਕਰੇ।
ਪੰਥ ਸੇਵਕ ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਖਾਲਸਾ ਪੰਥ ਨੂੰ ਇਹ ਗੰਭੀਰ ਅੰਦਰੂਨੀ ਵਿਚਾਰ ਕਰਨ ਦੀ ਵੀ ਲੋੜ ਹੈ ਕਿ ਆਖਿਰ ਹਾਲਾਤ ਇੰਨੇ ਕਿਵੇਂ ਨਿੱਘਰ ਗਏ। ਅਸੀਂ ਸਿੱਖ ਸੰਸਥਾਵਾਂ ਵਿੱਚ ਆਗੂ ਚੁਣਨ ਦਾ ਪੰਥਕ ਤਰੀਕਾਕਾਰ ਛੱਡ ਕੇ ਹੋਰ ਦੁਨੀਆਦਾਰੀ ਤਰੀਕਾ ਲਾਗੂ ਕੀਤਾ ਹੈ, ਉਹ ਇਸ ਨਿਘਾਰ ਦੀ ਇਕ ਮੁੱਖ ਵਜ੍ਹਾ ਹੈ। ਇਸ ਦਾ ਹੱਲ ਸਾਂਝੀ ਅਗਵਾਈ ਚੁਣਨ ਤੇ ਸਾਂਝੇ ਫੈਸਲੇ ਲੈਣ ਦੀ ਪੰਥਕ ਜੁਗਤ ਲਾਗੂ ਕੀਤਿਆਂ ਹੀ ਕਢਿਆ ਜਾ ਸਕਦਾ ਹੈ।
ਪੰਚ ਪ੍ਰਧਾਨੀ ਜਥੇ ਨੇ ਬਿਆਨ ਵਿੱਚ ਅੱਗੇ ਕਿਹਾ ਹੈ ਕਿ ਗੁਰੂ ਪੰਥ ਨੂੰ ਸਮਰਪਿਤ ਪੰਥਕ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ, ਦਲ ਪੰਥਾਂ, ਸ਼੍ਰੋਮਣੀ ਕਮੇਟੀ, ਹਰਿਆਣਾ ਕਮੇਟੀ, ਦਿੱਲੀ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਬੋਰਡ, ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ, ਸਿੱਖ ਬੁੱਧੀਜੀਵੀਆਂ ਅਤੇ ਪੰਥਕ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਉ ਸਫ਼ਾ ਵਿਛਾ ਕੇ ਬੈਠੀਏ। ਵਾਪਰੇ ਦੁਖਦਾਈ ਵਰਤਾਰੇ ਦਾ ਸੱਚ ਲੱਭਣ ਲਈ ਸਰਬ ਪ੍ਰਵਾਨ ਯੋਗ ਸ਼ਖ਼ਸੀਅਤਾਂ ਦੀ ਜਾਂਚ ਕਮੇਟੀ ਨਿਯੁਕਤ ਕਰੀਏ। ਗੁਰਮਤਿ ਵਿਧੀ ਵਿਧਾਨ, ਖ਼ਾਲਸਾਈ ਸਿਧਾਤਾਂ, ਪੰਥਕ ਰਵਾਇਤਾਂ ਅਤੇ ਸਿੱਖ ਮਰਯਾਦਾ ਅਤੇ ਸਰਬੱਤ ਖ਼ਾਲਸੇ ਦੀ ਭਾਵਨਾ ਅਨੁਸਾਰੀ ਇਕਸੁਰਤਾ ਨਾਲ ਸਾਂਝੇ ਫ਼ੈਸਲੇ ਲੈਣ ਦਾ ਬਾਨ੍ਹਣੂ ਬੰਨ੍ਹੀਏ। ਪੰਥ ਸੰਸਥਾਵਾਂ ਦੀ ਸੋਭਾ ਬਹਾਲ ਕਰੀਏ ਅਤੇ ਗੁਰੂ ਬਖ਼ਸ਼ੇ ਪੰਚ ਪ੍ਰਧਾਨੀ ਸਿਧਾਂਤ ਨੂੰ ਲਾਗੂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੁਸਤਾ, ਸਰਵਉੱਚਤਾ ਤੇ ਮਾਣ ਮਰਯਾਦਾ ਨੂੰ ਕਾਇਮ ਰੱਖਣ ਲਈ, ਖ਼ਾਲਸਾਈ ਸਿਧਾਤਾਂ ਅਤੇ ਪੰਥਕ ਰਵਾਇਤਾਂ ’ਤੇ ਪਹਿਰਾ ਦੇਈਏ।