ਬਠਿੰਡਾ : ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਇਸਦੇ ਬਣਦੇ ਹੱਕ ਬਹਾਲ ਕਰਵਾਉਣ ਲਈ ਮਈ 2018 ਵਿੱਚ ਕੀਤੇ ਗਏ ਸੰਘਰਸ਼ ਨਾਲ ਸਬੰਧਤ ਮਾਮਲੇ ਵਿੱਚ ਬਠਿੰਡਾ ਦੀ ਮਾਨਯੋਗ ਅਦਾਲਤ ਨੇ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਰਾਜਵਿੰਦਰ ਸਿੰਘ ਰਾਏਖਾਨਾ ਸਮੇਤ 11 ਜਣਿਆਂ ਨੂੰ ਬਰੀ ਕਰ ਦਿੱਤਾ ਹੈ।
ਮਾਨਯੋਗ ਜੱਜ ਸ੍ਰੀ ਤਰਨ ਕੁਮਾਰ ਦੀ ਅਦਾਲਤ ਵੱਲੋਂ ਅੱਜ ਸੁਣਾਏ ਗਏ ਫ਼ੈਸਲੇ ਤਹਿਤ ਇਸ ਮਾਮਲੇ ਵਿੱਚ ਲਖਵੀਰ ਸਿੰਘ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਰਾਜਵਿੰਦਰ ਸਿੰਘ ਰਾਏਖਾਨਾ, ਰਮਨਦੀਪ ਸਿੰਘ ਗੁੰਮਟੀ ਕਲਾਂ, ਗੁਰਦੀਪ ਸਿੰਘ ਭਾਗੀਵਾਂਦਰ, ਅਮਰੀਕ ਸਿੰਘ ਭਾਗੀਵਾਂਦਰ, ਮੇਜਰ ਸਿੰਘ ਕੌਲੋਕੇ, ਸੁਖਦੀਪ ਸਿੰਘ ਨਥੇਹਾ, ਚਮਕੌਰ ਸਿੰਘ ਕੋਟ ਫੱਤਾ, ਮਨਪ੍ਰੀਤ ਸਿੰਘ ਸਿਧਾਣਾ ਅਤੇ ਰਣਜੀਤ ਸਿੰਘ ਫੂਲ ਨੂੰ ਬਰੀ ਕੀਤਾ ਗਿਆ।

ਇਹ ਮਾਮਲਾ ਮਈ 2018 ਵਿੱਚ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਪੰਜਾਬ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਬਣਦਾ ਮਾਣ-ਸਨਮਾਨ ਬਹਾਲ ਕਰਵਾਉਣ ਲਈ ਕੀਤੇ ਗਏ ਸੰਘਰਸ਼ ਨਾਲ ਸਬੰਧਤ ਸੀ। ਉਸ ਸਮੇਂ ਪੰਜਾਬੀ ਮਾਂ ਬੋਲੀ ਪੰਦਰਵਾੜੇ ਦੌਰਾਨ ਪੂਰੇ ਪੰਜਾਬ ਵਿੱਚ ‘ਪੋਚਾ ਮਾਰੂ ਮੁਹਿੰਮ’ ਚਲਾਈ ਗਈ ਸੀ, ਜਿਸ ਤਹਿਤ ਵੱਖ-ਵੱਖ ਬੋਰਡਾਂ ਉੱਪਰ ਕਾਲਾ ਪੋਚਾ ਫੇਰਿਆ ਗਿਆ ਸੀ।
ਮਾਮਲੇ ਦੀ ਅਦਾਲਤ ਵਿੱਚ ਪੈਰਵੀ ਕਰਦਿਆਂ ਮੁਲਜ਼ਮਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦਲੀਲ ਦਿੱਤੀ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਆਵਾਜ਼ ਉਠਾਉਣਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਸ਼ਾਮਲ ਵਿਅਕਤੀਆਂ ਵੱਲੋਂ ਆਪਣੇ ਹੱਕਾਂ ਅਤੇ ਮਾਂ ਬੋਲੀ ਦੇ ਸਤਿਕਾਰ ਲਈ ਆਵਾਜ਼ ਉਠਾਈ ਗਈ ਸੀ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਲੱਖਾ ਸਿਧਾਣਾ ਨੇ ਆਪਣੇ ਸਾਥੀਆਂ, ਵਕੀਲ ਸਾਹਿਬ ਅਤੇ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਰਾਜਵਿੰਦਰ ਸਿੰਘ ਰਾਏਖਾਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰੀਰਕ ਤੌਰ ’ਤੇ 75 ਫ਼ੀਸਦੀ ਅੰਗਹੀਣ ਹੋਣ ਦੇ ਬਾਵਜੂਦ ਉਹ ਸਾਥੀਆਂ ਨਾਲ ਜੇਲ੍ਹ ਗਏ ਅਤੇ ਔਖੀ ਸਥਿਤੀ ਦੇ ਬਾਵਜੂਦ ਪੰਜਾਬੀ ਮਾਂ ਬੋਲੀ ਦੇ ਹੱਕ ਲਈ ਲੜੇ ਗਏ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ। ਜ਼ਿਕਰਯੋਗ ਹੈ ਕਿ ਉਸ ਸਮੇਂ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਸੀ।
ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਪਹਿਚਾਣ, ਵਿਰਾਸਤ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਇਸਦੇ ਬਣਦੇ ਹੱਕਾਂ ਲਈ ਸੰਘਰਸ਼ ਅੱਗੇ ਵੀ ਜਾਰੀ ਰਹੇਗਾ।