ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੋਕਾਂ ਨਾਲ ਵਾਅਦਾ-ਖਿਲਾਫੀ ਅਤੇ ਧੋਖੇ ਕਰਨ ‘ਚ ਇਕ ਦੂਜੇ ਨੂੰ ਮਾਤ ਦੇ ਦਿੱਤੀ ਹੋਈ ਹੈ।
ਅੱਜ ਇੱਥੇ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਘਰ-ਘਰ ਜਾ ਕੇ ਕਾਂਗਰਸ ਅਤੇ ਬਾਦਲ-ਭਾਜਪਾ ਦੇ ਸਾਰੇ ਚੋਣ ਵਾਅਦੇ ਯਾਦ ਕਰਵਾਏਗੀ। ਜਿਨ੍ਹਾਂ ਵਾਅਦਿਆਂ ਦੇ ਸਿਰ ‘ਤੇ ਪਹਿਲਾਂ ਭਾਜਪਾ-ਬਾਦਲ ਨੇ ਕੇਂਦਰ ਅਤੇ ਪੰਜਾਬ ‘ਚ ਸਰਕਾਰਾਂ ਬਣਾਈਆਂ ਫਿਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ 2017 ‘ਚ ਪੰਜਾਬ ਅੰਦਰ ਸਰਕਾਰ ਬਣਾਈ।
ਮਾਨ ਨੇ ਕਿਹਾ ਕਿ ਕੇਂਦਰ ‘ਚ ਮੋਦੀ ਸਰਕਾਰ ਨੇ ਸਾਢੇ 3 ਸਾਲ ਟਪਾ ਲਏ ਹਨ, ਪਰ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਅਤੇ ਹੋਰ ਵਾਅਦੇ ਲਾਗੂ ਕਰਨ ਤੋਂ ਸ਼ਰੇਆਮ ਮੁਕਰ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕਿ ਜੋ ਭਾਜਪਾ ਸੱਤਾ ਤੋਂ ਬਾਹਰ ਹੁੰਦਿਆਂ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਦੇ ਨਾਂ ‘ਤੇ ਸਾਲਾਂਬੱਧੀ ਸਿਆਸਤ ਕਰਕੇ ਕਿਸਾਨਾਂ ਨੂੰ ਭਰਮਾਉਂਦੀ ਰਹੀ, ਸੱਤਾ ‘ਚ ਆਉਂਦਿਆਂ ਹੀ ਅਦਾਲਤ ‘ਚ ਹਲਫੀਆ ਬਿਆਨ ਦੇ ਦੇਵੇ ਕਿ ਉਹ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਕਰ ਸਕਦੀ ਅਤੇ ਭਾਜਪਾ ਦੇ ਇਸ ਗੁਨਾਹ ‘ਚ ਬਾਦਲ ਦਲ ਨੇ ਬਰਾਬਰ ਸਾਥ ਦਿੱਤਾ, ਇਸ ਲਈ ਪੰਜਾਬ ਦੇ ਲੋਕ ਬਾਦਲਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।

ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਕਿਸਾਨਾਂ ਅਤੇ ਖੇਤੀਬਾੜੀ ‘ਤੇ ਨਿਰਭਰ ਸਾਰੇ ਵਰਗਾਂ ਨਾਲ ਭਾਜਪਾ ਵਾਂਗ ਹੀ ਨੰਗਾ-ਚਿੱਟਾ ਧੋਖਾ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਸਤਖਤਾਂ ਹੇਠ ਕਿਸਾਨਾਂ ਨਾਲ ਸਮੁੱਚੇ ਕਰਜ਼ਿਆਂ ਉਪਰ ਲਕੀਰ ਫੇਰਨ ਦਾ ਲਿਖਤ ਵਾਅਦਾ ਕੀਤਾ ਸੀ, ਜਿਸ ਵਿਚ ਸਹਿਕਾਰੀ, ਸਰਕਾਰੀ, ਪ੍ਰਾਈਵੇਟ ਬੈਂਕਾਂ, ਸੋਸਾਇਟੀਆਂ ਅਤੇ ਆੜਤੀਆਂ ਦੇ ਕਰਜ਼ੇ ਮਾਫ ਕਰਨੇ ਸ਼ਾਮਲ ਸਨ, ਪਰ ਸੱਤਾ ‘ਚ ਆ ਕੇ ਸਭ ਮੁਕਰ ਗਏ ਹਨ। ਹੁਣ ਚੰਦ ਕਿਸਾਨਾਂ ਦੇ 2 ਲੱਖ ਰੁਪਏ ਮੁਆਫ ਕਰਨ ਦੀਆਂ ਗੱਲਾਂ ਕਰਨ ਲੱਗੇ ਹਨ ਪਰ ਅਜੇ ਤੱਕ ਕਿਸੇ ਦਾ ਇਕ ਪੈਸਾ ਵੀ ਕਰਜ਼ ਮਾਫ ਨਹੀਂ ਕੀਤਾ। ਬੈਂਕਾਂ ਵਾਲੇ ਕਿਸਾਨਾਂ ਦੀਆਂ ਬੈਂਕਾਂ ‘ਚ ਫੋਟੋਆਂ ਚਿਪਕਾਉਣ ਲੱਗ ਪਏ ਹਨ। ਕਿਸਾਨ ਜਲੀਲ ਹੋ ਰਿਹਾ ਹੈ ਅਤੇ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ, ਜਦਕਿ ਖੇਤ ਮਜ਼ਦੂਰ ਨੂੰ ਤਾਂ ਕੈਪਟਨ ਸਰਕਾਰ ਨੇ ਅਜੇ ਤਕ ਕੋਈ ਫੋਕਾ ਧਰਵਾਸਾ ਵੀ ਨਹੀਂ ਦਿੱਤਾ।