ਨਵੀਂ ਦਿੱਲੀ, ਭਾਰਤ (ਮਈ 21, 2014): ਅੱਜ ਦਿੱਲੀ ਦੀ ਇਕ ਅਦਾਲਤ ਵਿਚ ਮਾਹੌਲ ਉਸ ਸਮੇਂ ਰੋਚਕ ਬਣ ਗਿਆ ਜਦੋਂ ਜੱਜ ਨੇ ਆਮ ਆਦਮੀ ਪਾਰਟੀ (ਆਮ) ਦੇ ਮੁੱਖ ਆਗੂ ਅਰਵਿੰਦ ਕੇਜਰੀਵਾਲ ਨੂੰ “ਆਮ ਆਦਮੀ” ਵਾਙ ਵਰਤਾਓ ਕਰਨ ਲਈ ਕਿਹਾ।

ਦਰਅਸਲ, ਦਿੱਲੀ ਦੀ ਇਕ ਸਥਾਨਕ ਅਦਾਲਤ ਵਿਚ ਭਾਜਪਾ ਆਗੂ ਨਿਤੀਨ ਗਡਕਰੀ ਵਲੋਂ ਕੇਜਰੀਵਾਲ ਵਿਰੁਧ ਦਰਜ਼ ਕਰਵਾਏ ਮਾਨਹਾਨੀ ਦੇ ਮੁਕਦਮੇਂ ਉੱਤੇ ਸੁਣਵਾਈ ਦੌਰਾਨ ਜੱਜ ਨੇ ਅਰਵਿੰਦ ਕੇਜਰੀਵਾਲ ਨੂੰ ਮੁਕਦਮੇਂ ਦੀ ਸੁਣਵਾਈ ਦੌਰਾਨ ਆਪਣੀ ਹਾਜ਼ਰੀ ਦੀ ਜਮਾਨਤ ਦੇ ਤੌਰ ਉੱਤੇ 10 ਹਜ਼ਾਰ ਰੁਪਏ ਦਾ ਜਮਾਨਤ-ਪੱਤਰ ਭਰਨ ਲਈ ਕਿਹਾ। ਜਿਸ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਰੁਧ ਲੜਾਈ ਲੜ ਰਿਹਾ ਹੈ ਤੇ ਇਹ ਮੁਕਦਮਾ ਸਿਆਸੀ ਕਾਰਨਾਂ ਕਰਕੇ ਦਰਜ਼ ਹੋਇਆ ਹੈ। ਕੇਜਰੀਵਾਲ ਕਿਹਾ ਕਿ ਉਹ ਅਦਾਲਤ ਨਾਲ ਵਾਅਦਾ ਕਰਦਾ ਹੈ ਕਿ ਉਹ ਹਰ ਤਰੀਕ ਉੱਤੇ ਹਾਜ਼ਰ ਹੋਵੇਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਅਦਾਲਤ ਨੂੰ ਜਮਾਨਤ-ਪੱਤਰ ਭਰ ਕੇ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਉੱਤੇ ਜੱਜ ਨੇ ਕਿਹਾ ਕਿ ਅਦਾਲਤ ਉਹ ਕੇਜਰੀਵਾਲ ਦੀ ਭਾਵਨਾ ਦਾ ਸਤਿਕਾਰ ਕਰਦੀ ਹੈ ਪਰ ਜਮਾਨਤ-ਪੱਤਰ ਭਰਨਾ ਕਾਨੂੰਨ ਮੁਤਾਬਕ ਲਾਜਮੀ ਹੈ। ਕੇਜਰੀਵਾਲ ਵਲੋਂ ਆਪਣੀ ਗੱਲ ਉੱਤੇ ਅੜੇ ਰਹਿਣ ਉੱਤੇ ਅਦਾਲਤ ਨੇ ਕਿਹਾ ਕਿ: “ਤੁਸੀਂ ਆਮ ਆਦਮੀ ਪਾਰਟੀ ਦੇ ਆਗੂ ਹੋ, ਅਤੇ ਆਮ ਆਦਮੀ ਵਾਙ ਹੀ ਵਿਹਾਰ ਕਰੋ”। ਅਦਾਲਤ ਨੇ ਕੇਜਰੀਵਾਲ ਨੂੰ ਆਪਣੇ ਲਈ “ਖਾਸ ਸਲੂਕ” ਦੀ ਆਸ ਨਾ ਰੱਖਣ ਲਈ ਕਿਹਾ।
ਜਮਾਨਤ ਨਾ ਕਰਨ ਕਾਰਨ ਅਦਾਲਤ ਨੇ ਕੇਜਰੀਵਾਲ ਨੂੰ 2 ਦਿਨਾਂ ਦੀ ਅਦਾਲਤੀ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ।
ਉਕਤ ਖਬਰ ਦੇ ਵਧੇਰੇ ਵਿਸਤਾਰ ਲਈ ਵੇਖੋ:
Delhi Judge told Arvind Kejriwal to “behave as aam aadmi”…
Aam Aadmi Party leader Arvind Kejriwal arrested, sent to jail by Delhi court