ਦਿੱਲੀ: ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਕਲ੍ਹ ਮੁਆਫੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਭਾਜਪਾ ਦੇ ਆਗੂ ਨਿਤਿਨ ਗਡਕਰੀ ਅਤੇ ਕਾਂਗਰਸੀ ਆਗੂ ਕਪਿਲ ਸਿੱਬਲ ਦੇ ਦੇ ਦਰਾਂ ‘ਤੇ ਜਾ ਪਹੁੰਚੀ ਹੈ। ਅਰਵਿੰਦ ਕੇਜਰੀਵਾਲ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ। ਭਾਜਪਾ ਨੇਤਾ ਨੇ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਤੋਂ ਮੁਆਫ਼ੀ ਮੰਗੀ ਹੈ ਜਿਨ੍ਹਾਂ 2013 ਵਿੱਚ ਆਪ ਆਗੂਆਂ ਖ਼ਿਲਾਫ਼ ਮਾਣਹਾਨੀ ਕੇਸ ਦਾਇਰ ਕੀਤਾ ਸੀ। ਬਾਅਦ ਵਿੱਚ ਕੇਜਰੀਵਾਲ ਅਤੇ ਗਡਕਰੀ ਨੇ ਮਾਣਹਾਨੀ ਦਾ ਕੇਸ ਵਾਪਸ ਲੈਣ ਲਈ ਇਕੱਠਿਆਂ ਇਕ ਅਰਜ਼ੀ ਅਦਾਲਤ ਵਿੱਚ ਦਾਖ਼ਲ ਕੀਤੀ। ਇਸ ਦੇ ਆਧਾਰ ’ਤੇ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਮਨੀਸ਼ ਸਿਸੋਦੀਆ ਨੂੰ ਦੋਵਾਂ ਕੇਸਾਂ ’ਚੋਂ ਬਰੀ ਕਰ ਦਿੱਤਾ। ਦੋਵੇਂ ਆਗੂਆਂ ਨੇ ਇਕ ਪੱਤਰ ਵਿੱਚ ਸ਼੍ਰੀ ਸਿੱਬਲ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਉਣ ਬਦਲੇ ਮੁਆਫ਼ੀ ਮੰਗੀ ਹੈ।
ਕੇਂਦਰੀ ਮੰਤਰੀ ਗਡਕਰੀ ਨੂੰ ਆਪ ਆਗੂ ਵੱਲੋਂ 16 ਮਾਰਚ ਨੂੰ ਲਿਖੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ‘‘ਮੈਂ ਕੁਝ ਬਿਆਨ ਦਿੱਤੇ ਸਨ ਜਿਨਾਂ ਦੀ ਤਸਦੀਕ ਨਹੀਂ ਹੋ ਸਕੀ ਸੀ ਤੇ ਜਿਨ੍ਹਾਂ ਕਰ ਕੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਜਿਸ ਕਰ ਕੇ ਤੁਸੀਂ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਮੇਰੇ ਮਨ ਵਿੱਚ ਤੁਹਾਡੇ ਖਿਲਾਫ਼ ਜਾਤੀ ਤੌਰ ’ਤੇ ਕੁਝ ਵੀ ਨਹੀਂ ਹੈ। ਮੈਂ ਇਸ ਕਰ ਕੇ ਮੁਆਫ਼ੀ ਦਾ ਯਾਚਕ ਹਾਂ।’’
ਆਮ ਆਦਮੀ ਪਾਰਟੀ ਨੇ ਇਕ ਸੂਚੀ ਜਾਰੀ ਕਰ ਕੇ ‘‘ਭਾਰਤ ਦੇ ਸਭ ਤੋਂ ਵੱਧ ਭ੍ਰਿਸ਼ਟ ਆਗੂਆਂ’’ ਦੇ ਨਾਂ ਨਸ਼ਰ ਕੀਤੇ ਸਨ ਜਿਨ੍ਹਾਂ ਵਿੱਚ ਗਡਕਰੀ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਵਲੋਂ ਸ਼ੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਨਾਲ ਪਾਰਟੀ ਦੀ ਪੰਜਾਬ ਇਕਾਈ ਵਿੱਚ ਵਿਦਰੋਹ ਖੜ੍ਹਾ ਹੋ ਗਿਆ ਸੀ।
ਇਨ੍ਹਾਂ ਮੁਆਫੀਆਂ ਸਬੰਧੀ ਬੋਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁਆਫ਼ੀ ਮੰਗਣ ਦੇ ਸਿਲਸਿਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਉਹ ‘‘ਹਉਮੈ ਦੀ ਲੜਾਈ’’ ਵਿਚ ਪੈਣ ਦੇ ਖਾਹਸ਼ਮੰਦ ਨਹੀਂ ਹਨ ਅਤੇ ਕਾਨੂੰਨੀ ਉਲਝਣਾਂ ਵਿਚ ਸਮਾਂ ਬਰਬਾਦ ਕਰਨ ਦੀ ਬਜਾਏ ਲੋਕ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ‘‘ ਜੇ ਸਾਡੀ ਕਿਸੇ ਟਿੱਪਣੀ ਨਾਲ ਕਿਸੇ ਦਾ ਮਨ ਦੁਖਿਆ ਹੈ ਤਾਂ ਅਸੀਂ ਮੁਆਫ਼ੀ ਮੰਗਾਂਗੇ। ਅਸੀਂ ਇਸ ਨੂੰ ਹਉਮੈ ਦੀ ਲੜਾਈ ਨਹੀਂ ਬਣਾਵਾਂਗੇ। ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ। ਸਾਡੇ ਕੋਲ ਅਦਾਲਤਾਂ ਲਈ ਸਮਾਂ ਨਹੀਂ ਹੈ।’’