ਗੁ: ਪੰਜਾ ਸਾਹਿਬ, ਪਾਕਿਸਤਾਨ (14 ਅਪ੍ਰੈਲ, 2015): ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ‘ਤੇ ਹੋਏ ਸਮਾਗਮ ਮੌਕੇ ਬੋਲਦਿਆਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਨੇ ਸਿੱਖੀ ਸਿਧਾਂਤਾਂ ਦੀ ਘੋਰ ਉਲੰਘਣਾ ਕਰਕੇ ਗੁਰੂ ਨਾਨਕ ਸਾਹਿਬ ਜੀ, ਭਾਈ ਮਰਦਾਨ ਜੀ ਅਤੇ ਬੇਬੇ ਨਾਨਕੀ ਜੀ ਨੂੰ ਫਿਲਮੀ ਪਰਦ ‘ਤੇ ਦ੍ਰਿਸ਼ਮਾਨ ਕਰਕੇ ਬਣਾਈ ਗਈ ਫਿਲਮ “ਨਾਨਕ ਸ਼ਾਹ ਫਕੀਰ” ਦਾ ਪ੍ਰਦਰਸ਼ਨ ਰੋਕਣ ਫ਼ਿਲਮ ‘ਤੇ ਵੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਹਨ।

ਅੱਜ ਇੱਥੇ ਖ਼ਾਲਸੇ ਦਾ ਸਾਜਨਾ ਦਿਵਸ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਸਹਿਤ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਦੇ ਹਜ਼ੂਰੀ ਰਾਗੀ ਭਾਈ ਤਲਵਿੰਦਰ ਸਿੰਘ ਦੇ ਜਥੇ ਵੱਲੋਂ ਕੀ ਰਤਨ ਕੀਤਾ ਗਿਆ।
ਉਪਰੰਤ ਦੀਵਾਨ ਹਾਲ ਵਿਖੇ ਹੋਏ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਔਕਾਫ਼ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਨੇ ਜਲਦੀ ਹੀ ਸ਼ਰਧਾਲੂਆਂ ਵਾਸਤੇ 1000 ਕਮਰੇ ਬਣਵਾਉਣ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ 16 ਜੂਨ, 2015 ਤੋਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਆਰੰਭ ਕਰਨ ਦਾ ਐਲਾਨ ਕਰਨ ਤੋਂ ਇਲਾਵਾ ਸਕੂਲਾਂ ਵਿਚ ਗੁਰਮੁਖੀ ਦੀਆਂ ਜਮਾਤਾਂ ਦੋ ਮਹੀਨਿਆਂ ਵਿਚ ਸ਼ੁਰੂ ਕਰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਦਘਾਟਨ ਕਰਵਾਉਣ ਦਾ ਭਰੋਸਾ ਵੀ ਦਿਵਾਇਆ।
ਵਰਲਡ ਮੁਸਲਿਮ ਸਿੱਖ ਫੈਡਰੇਸ਼ਨ ਯੂ. ਕੇ. ਦੇ ਮੁਖੀ ਅਤੇ ਦਲ ਖ਼ਾਲਸਾ ਦੇ ਬਾਨੀ ਜਥੇਦਾਰ ਮਨਮੋਹਨ ਸਿੰਘ ਖ਼ਾਲਸਾ ਨੇ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਮੈਂਬਰ ਪਖਤੂਨ ਖਾਂ ਸੂਬੇ ਦੇ ਮੰਤਰੀ ਡਾ: ਸਵਰਨ ਸਿੰਘ ਨੇ ਵੀ ਸੰਬੋਧਨ ਕੀਤਾ।
ਪਾਕਿਸਤਾਨ ਕਮੇਟੀ ਵੱਲੋਂ ਪ੍ਰਮੁੱਖ ਹਸਤੀਆਂ ਜਥੇਦਾਰ ਅਮਰੀਕ ਸਿੰਘ ਭਲਾਈਪੁਰ, ਬਾਬਾ ਗੁਰਪਾਲ ਸਿੰਘ ਪਿਸ਼ਾਵਰ, ਸਵਰਨ ਸਿੰਘ ਗਿੱਲ, ਦਿੱਲੀ ਕਮੇਟੀ ਦੇ ਲੀਡਰ ਰਣਜੀਤ ਸਿੰਘ, ਹਰਿੰਦਰ ਸਿੰਘ, ਸਈਅਦ ਫਰਾਜ਼ ਅੱਬਾਸ, ਖਾਲਿਦ ਅਲੀ ਸਾਹਿਬ, ਅਜ਼ਹਰ ਸੁਲੈਹਰੀ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸ: ਮਨਿੰਦਰ ਸਿੰਘ, ਭਾਈ ਤਾਰਾ ਸਿੰਘ, ਸ: ਬਿਸ਼ਨ ਸਿੰਘ, ਮਨਧੀਰ ਸਿੰਘ ਫ਼ੌਜੀ, ਭਾਈ ਮਰਦਾਨਾ ਸੁਸਾਇਟੀ ਦੇ ਆਗੂ ਜਗਜੀਤ ਸਿੰਘ ਭੁੱਲਰ, ਸਿੱਖ ਕੌਂਸਲ ਇਟਲੀ ਦੇ ਪ੍ਰਧਾਨ ਜਸਬੀਰ ਸਿੰਘ, ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਆਦਿ ਹਾਜ਼ਰ ਸਨ।