ਜਲੰਧਰ: ‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਸਮਾਗਮ ਦਾ ਮੁੱਖ ਵਿਸ਼ਾ “ਪੰਜਾਬ ਦੇ ਵਿਸ਼ੇਸ਼ ਹਵਾਲੇ ਨਾਲ ਭਾਰਤ-ਪਾਕਿ ਤੇ ਦੱਖਣੀ ਏਸ਼ੀਆਈ ਸੰਘਰਸ਼, ਕਰਤਾਰਪੁਰ ਲਾਂਘੇ ਸਮੇਤ, ਵਾਹਗਾ, ਹੁਸੈਨੀਵਾਲਾ ਤੇ ਸੁਲੇਮਾਨ ਸ਼ਾਕੀ ਬਾਰਡਰ ਰਾਹੀਂ ਵਪਾਰ ਦਾ ਮਸਲਾ” ਰੱਖਿਆ ਗਿਆ ਹੈ।

ਸੰਸਥਾ ਮੁਤਾਬਕ ਸਮਾਗਮ ਦੌਰਾਨ ਪੰਜਾਬ ਦੀ ਮੌਜੂਦਾ ਸਥਿਤੀ, ਭਾਰਤ-ਪਾਕਿਸਤਾਨ ਸਬੰਧਾਂ, ਸਰਹੱਦਾਂ ਰਾਹੀਂ ਵਪਾਰ, ਕਰਤਾਰਪੁਰ ਲਾਂਘੇ ਅਤੇ ਦੱਖਣੀ ਏਸ਼ੀਆ ਵਿੱਚ ਬਣੇ ਟਕਰਾਅ ਵਾਲੇ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੀ ਆਰਥਿਕਤਾ ਨਾਲ ਸਬੰਧਤ ਬੇਰੁਜ਼ਗਾਰੀ, ਕਿਸਾਨੀ ਉਪਜ, ਸਾਜੋ-ਸਾਮਾਨ ਅਤੇ ਵਪਾਰ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਵੇਗੀ।
ਆਜ਼ਾਦੀ ਦੀ ਲੜਾਈ ਦੌਰਾਨ ਹਜ਼ਾਰਾਂ ਕੁਰਬਾਨੀਆਂ ਦੇ ਬਾਵਜੂਦ ਹੋਈ ਦੇਸ਼ ਦੀ ਵੰਡ ਅਤੇ ਉਸ ਸਮੇਂ ਵਾਪਰੇ ਕਤਲੇਆਮ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਭਾਰਤ-ਪਾਕਿਸਤਾਨ ਦਰਮਿਆਨ ਹੋਈਆਂ ਜੰਗਾਂ ਅਤੇ ਲਗਾਤਾਰ ਬਣੇ ਤਣਾਅ ਕਾਰਨ ਸਰਹੱਦੀ ਖੇਤਰਾਂ ਵਿੱਚ ਵਪਾਰਕ ਗਤੀਵਿਧੀਆਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਸਮਾਗਮ ਵਿੱਚ ਬੇਰੁਜ਼ਗਾਰੀ, ਕਿਸਾਨੀ ਉਪਜ, ਸਾਜੋ-ਸਮਾਨ ਅਤੇ ਵਪਾਰ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ।
ਇਸ ਮੌਕੇ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ), ਡਾ. ਪਿਆਰਾ ਲਾਲ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਆਈ. ਡੀ. ਖੁਰਮੀਆ, ਪਰਗਟ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਕਾਮਰੇਡ ਮੰਗਤ ਰਾਮ ਪਾਸਲਾ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਪਰਦੀਪ ਸਹਿਗਲ, ਅਨਿਲ ਮਹਿਰਾ, ਜਨਾਬ ਅਬਦੁਲ ਸ਼ਕੂਰ, ਡਾ. ਖੁਸ਼ਹਾਲ ਸਿੰਘ ਅਤੇ ਕਾਮਰੇਡ ਤਰਸੇਮ ਸਿੰਘ ਜੋਧਾਂ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਆਗੂ ਤੇ ਬੁਲਾਰੇ ਸ਼ਾਮਲ ਹੋਣਗੇ।