ਬਠਿੰਡਾ (5 ਅਕਤੂਬਰ,2014): ਸੰਨ 2007 ਵਿੱਚ ਸੌਦਾ ਸਾਧ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਰਗੀ ਪੌਸ਼ਾਕ ਪਾਕੇ ਆਪਣੇ ਚੇਲਿਆਂ ਨੂੰ ਜਾਮ-ਏ-ਇੰਸਾ ਪਿਆਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਖਾਰਜ਼ ਹੋਣ ਤੋਂ ਬਾਅਦ ਸੌਦਾ ਸਾਧ ਹੁਣ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰਨ ਦੀਆਂ ਤਿਆਰੀ ਕਰ ਰਿਹਾ ਹੈ ਅਤੇ ਇੱਥੇ ਆਪਣੀ “ਝੂਠ ਚਰਚਾ” ਸ਼ੁਰੂ ਕਰਨ ਲਈ ਇਲਾਕੇ ਦੇ ਪੰਚਾਂ–ਸਰਪੰਚਾਂ ਤੋਂ ਮਤੇ ਪੁਆ ਰਿਹਾ ਹੈ।ਪੰਜਾਬ ਸਰਕਾਰ ਵੀ ਵੋਟਾਂ ਦੇ ਲਾਲਚ ਵਿੱਚ ਸੌਦਾ ਸਾਧ ਦੀ ਮੱਦਦ ਕਰ ਰਿਹੀ ਹੈ, ਪਰ ਸਿੱਖ ਕੌਮ ਕਦੇ ਵੀ ਸੌਦਾ ਸਾਧ ਨੂੰ ਪੰਜਾਬ ਵਿੱਚ ਝੂਠ ਚਰਚਾ ਕਰਨ ਨਹੀਂ ਦੇਵੇਗੀ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸੌਦਾ ਸਾਧ ਵੱਲੋਂ ਸਿੱਖ ਰਵਾਇਤਾਂ ਦੇ ਕੀਤੇ ਅਪਮਾਣ ਦੀ ਸਜ਼ਾ ਉਸਨੂੰ ਇੱਕ ਨਾ ਇੱਕ ਦਿਨ ਜਰੂਰ ਮਿਲੇਗੀ।
ਪੰਜਾਬੀ ਦੇ ਅਖਬਾਰ ਪਹਿਰੇਦਾਰ ਵਿੱਚ ਬਠਿੰਡਾ ਤੋਂ ਨਸ਼ਰ ਖ਼ਬਰ ਅਨੁਸਾਰ ਉਨਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਥਕ ਅਖਵਾਉਂਦੀ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਿਆਸੀ ਰੋਟੀਆਂ ਸੇਕਣ ਅਤੇ ਨਿੱਜੀ ਮੁਫਾਦਾਂ ਲਈ ਇਸ ਮਾਮਲੇ ਤੇ ਕੋਈ ਠੋਸ ਕਦਮ ਨਾ ਉਠਾਏ ਤੇ ਸੌਦਾ ਸਾਧ ਮੁਖੀ ਖਿਲਾਫ ਦਰਜ ਕੇਸ ਨੂੰ ਵੀ ਵੋਟ ਦੇ ਲਾਲਚ ਕਾਰਨ ਖਾਰਜ ਕਰਵਾ ਦਿੱਤਾ ।
ਉਨ੍ਹਾਂ ਨੇ ਸਿੱਖ ਪਰਿਵਾਰ ਨਾਲ ਸਬੰਧਤ ਪਿੰਡਾਂ ਦੇ ਪੰਚ ਸਰਪੰਚ ਆਪਣੀ ਜਮੀਰ ਦੀ ਆਵਾਜ਼ ਸੁਣਦਿਆਂ ਸੌਦਾ ਸਾਧ ਦੇ ਪ੍ਰੋਗਰਾਮ ਲਈ ਮਤੇ ਪਾਸ ਕਰਕੇ ਨਾ ਦੇਣ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਥਿਤੀ ਸਪਸ਼ਟ ਕਰਨ ਕਿਉਂਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਾ ਸਰਕਾਰ ਦਾ ਫਰਜ਼ ਬਣਦਾ ਹੈ ਤੇ ਜੇਕਰ ਡੇਰਾ ਪ੍ਰੇਮੀਆਂ ਵੱਲੋਂ ਪ੍ਰੋਗਰਾਮ ਕਰਾਉਣ ਲਈ ਰਚੀਆਂ ਜਾ ਰਹੀਆਂ ਤਿਆਰੀਆਂ ਸਰਕਾਰ ਨੇ ਬੰਦ ਨਾ ਕਰਵਾਈਆਂ ਤਾਂ ਇਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਜਾਰੀ ਹੁਕਮਨਾਮੇ ਇੰਨ ਬਿੰਨ ਲਾਗੂ ਕਰਾਉਣ ਜਾਂ ਰੱਦ ਕਰਨ ਦਾ ਫੈਸਲਾ ਸੁਨਾਉਣ ਨਹੀਂ ਤਾਂ ਅਸਤੀਫਾ ਦੇਣ। ਉਹਨਾ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਤੇ ਇੱਕ ਪਲੇਟਫਾਰਮ ਤੇ ਇੱਕਠੇ ਹੋਕੇ ਸੰਘਰਸ਼ ਲਈ ਅੱਗੇ ਆਉਣ।