ਨਵੀਂ ਦਿੱਲੀ: ਦਿੱਲੀ ਵਿੱਚ ਅਦਾਲਤੀ ਹੁਕਮਾਂ ‘ਤੇ ਗੁਰਦੁਆਰਾ ਸੀਸਗੰਜ਼ ਨਜ਼ਦੀਕ ਭਾਈ ਮਤੀਦਾਸ ਛਬੀਲ ਢਾਹੇ ਜਾਣ ਦੇ ਮਾਮਲੇ ‘ਤੇ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਅਦਾਲਤੀ ਹੁਕਮਾਂ ’ਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਵਰਾਂਡੇ ਵਿੱਚ ਤੋੜਨ ਦੇ ਮਾਮਲੇ ਵਿੱਚ ‘ਗ੍ਰਹਿ ਮੰਤਰੀ ਦੇ ਦਖਲ ਦੀ ਮੰਗ ਕੀਤੀ।

ਉਨ੍ਹਾਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ ਤੇ ਮਨਜਿੰਦਰ ਸਿੰਘ ਸਿਰਸਾ ਵੀ ਸਨ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਛਬੀਲ ਢਾਹੇ ਜਾਣ ਦਾ ਤੋੜਾ ਦਿੱਲੀ ਸਰਕਾਰ ਉਪਰ ਝਾੜਦਿਆਂ ਕਿਹਾ ਦਿੱਲੀ ਸਰਕਾਰ ਵੱਲੋਂ ਅਦਾਲਤ ਵਿੱਚ ਕਥਿਤ ਗ਼ਲਤ ਜਾਣਕਾਰੀ ਦਿੱਤੇ ਜਾਣ ਕਾਰਨ ਹਾਈ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਛਬੀਲ ਨੂੰ ਢਾਹੁਣ ਨਹੀਂ ਦਿੱਤਾ ਨਹੀਂ ਦਿੱਤਾ ਜਾਵੇਗਾ।
ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਰੀ ਗੱਲ ਦਿੱਲੀ ਦੇ ਉੁਪ ਰਾਜਪਾਲ ਨਜੀਬ ਜੰਗ ਉਪਰ ਛੱਡ ਦਿੱਤੀ ਹੈ ਤੇ ਉਨ੍ਹਾਂ ਦੀ ਰਿਪਰੋਟ ਆਉਣ ਤੋਂ ਬਾਅਦ ਅੱਗੇ ਦੇਖਿਆ ਜਾਵੇਗਾ। ਸ੍ਰੀ ਸਿਰਸਾ ਮੁਤਾਬਕ ਗ੍ਰਹਿ ਮੰਤਰੀ ਨੇ ਸ੍ਰੀ ਜੰਗ ਨੂੰ ਫੋਨ ਕਰ ਦਿੱਤਾ ਹੈ ਤੇ ਅਕਾਲੀ ਆਗੂ ਸੋਮਵਾਰ ਨੂੰ ਉਨ੍ਹਾਂ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ।