ਸ਼੍ਰੀਮਤੀ ਪ੍ਰਧਾਨ ਮੰਤਰੀ ਸਾਹਿਬਾ ਜੀਓ, ਮੈਂ ਇਸ ਬਿੱਲ ਨੂੰ ਬੜੇ ਗਹੁ ਨਾਲ ਵਾਚਿਆ ਹੈ ਅਤੇ ਗ੍ਰਹਿ ਮੰਤਰੀ ਨੰਦਾ ਜੀ ਨੇ ਜੋ ਭਾਸ਼ਣ ਹੁਣੇ ਹੁਣੇ ਦਿੱਤਾ ਹੈ, ਮੈਂ ਉਸ ਨੂੰ ਬੜੇ ਧਿਆਨ ਨਾਲ, ਇਕ ਮਨ ਹੈ ਕੇ, ਸੁਣਿਆ ਅਤੇ ਸਮਝਿਆ ਹੈ । ਗ੍ਰਹਿ ਮੰਤਰੀ ਜਿਸ ਮਸਲੇ ਨੂੰ ਲੋਕ ਸਭਾ ਵਿਚ ਪੇਸ਼ ਕਰਨ, ਉਸ ਨੂੰ ਗਹੁ ਨਾਲ ਸੁਣਨਾ ਹੀ ਯੋਗ ਹੈ । ਸ਼੍ਰੀਮਤੀ ਪ੍ਰਧਾਨ ਮੰਤਰੀ ਜੀਓ ! ਮੇਰੇ ਲਈ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿ ਮੈਂ ਇਸ ਸਾਰੇ ਦੇ ਸਾਰੇ ਬਿੱਲ ਦਾ ਵਿਰੋਧ ਕਰਾਂ । ਇਹ ਬਿੱਲ ਗੰਦਾ ਆਂਡਾ ਹੈ ਜਿਸ ਦੇ ਕੁਝ ਭਾਗ, ਭਾਵੇਂ ਵੇਖਣ ਨੂੰ ਠੀਕ ਹੀ ਲੱਗਣ, ਓਹ ਭੋਜਨ ਕਰਨ ਦੇ ਯੋਗ ਨਹੀਂ ਹੁੰਦਾ । ਕੋਈ ਐਵੇਂ ਇਸ ਦੇ ਟੁਕੜਿਆਂ ਨੂੰ ਦੰਦ ਪਿਆ ਮਾਰੇ, ਪਰ ਇਹ ਨਾਂ-ਖਾਣ ਵਾਲੀ, ਅਭਕਸ਼ ਵਸਤੂ ਹੈ ਤੇ ਨਾਂ-ਪਚਣ ਵਾਲੀ ਭੀ । ਕੋਈ ਸੂਝਵਾਨ ਬੰਦਾ ਤਾਂ ਇਸ ਨੂੰ ਕਬੂਲ ਕਰ ਨਹੀਂ ਸਕਦਾ ।