Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਪ ਦੀ ਜਿੱਤ ਬਨਾਮ ਸਿੱਖਾਂ ਦਾ ਭਵਿੱਖ

ਆਪ ਦੀ ਜਿੱਤ ਬਨਾਮ ਸਿੱਖਾਂ ਦਾ ਭਵਿੱਖ

ਕੇਜਰੀਵਾਲ ਤੇ ਸਾਥੀਆਂ ਦੀ ਜਿੱਤ ‘ਤੇ ਵਾਹਵਾ ਖ਼ੁਸ਼ੀਆਂ ਮਨਾ ਲਈਆਂ ਕਿਉਂਕਿ ਸਿੱਖ ਸਰਬੱਤ ਦਾ ਭਲਾ ਮੰਗਦੇ ਆ। ਭਾਰਤਵਾਸੀ ਇਹ ਹੱਕ ਰੱਖਦੇ ਆ ਕਿ ਉਨ੍ਹਾਂ ਨੂੰ ਕੁੱਲੀ-ਗੁੱਲੀ-ਜੁੱਲੀ ਦੀਆਂ ਵਧੀਆ ਸਹੂਲਤਾਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਮੁਕਤ ਰਾਜ ਮਿਲੇ, ਜਿਸ ਵਿੱਚ ਕਿਸੇ ਨਾਲ ਧੱਕਾ ਨਾ ਹੋਵੇ, ਦੋਸ਼ੀ ਨੂੰ ਸਜ਼ਾ ਮਿਲੇ ਤੇ ਮਜ਼ਲੂਮ ਨੂੰ ਇਨਸਾਫ਼। ਪੜ੍ਹੇ ਲਿਖੇ ਨੂੰ ਨੌਕਰੀ ਮਿਲੇ ਤੇ ਮਿਹਨਤੀ ਨੂੰ ਉਸਦੀ ਮਿਹਨਤ ਦਾ ਮੁੱਲ। ਆਮ ਆਦਮੀ ਪਾਰਟੀ ਦੇ ਦਿੱਲੀ ਜਿੱਤਣ ਕਾਰਨ ਭਾਰਤਵਾਸੀਆਂ ਲਈ ਇੱਕ ਆਸ ਦੀ ਕਿਰਨ ਜਾਗੀ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਹੈ।

ਰੂਹ ਪ੍ਰਸੰਨ ਹੀ ਨਹੀਂ ਬਲਕਿ ਧੁਰ ਅੰਦਰੋਂ ਦੁਆ ਕਰਦੇ ਹਾਂ ਕਿ ਭਾਰਤਵਾਸੀਆਂ ਨੂੰ ਉਹ ਸਹੂਲਤਾਂ ਮਿਲਣ, ਜੋ ਅਸੀਂ ਕੈਨੇਡਾ-ਅਮਰੀਕਾ ‘ਚ ਹੰਢਾ ਰਹੇ ਹਾਂ। ਸਾਡੇ ਭਰਾ ਅਸਲ ਆਜ਼ਾਦੀ ਦਾ ਨਿੱਘ ਮਾਨਣ, ਜਿਸਨੂੰ ਦੇਣ ਦਾ ਵਾਅਦਾ ਕੇਜਰੀਵਾਲ ਨੇ ਕੀਤਾ ਹੈ, ਉਹ ਆਜ਼ਾਦੀ ਜਿਸ ਲਈ ਪੰਜਾਬ ਦੇ ਜਾਇਆਂ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ, ਸ੍ਰੀ ਮਦਨ ਲਾਲ ਢੀਂਗਰਾ, ਬੱਬਰ ਅਕਾਲੀਆਂ ਤੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ।

ਜਿੱਥੋਂ ਤੱਕ ਦਿੱਲੀ ਵਿਚਲੇ ਸਿੱਖ ਮੁੱਦਿਆਂ ਦੀ ਗੱਲ ਹੈ, ਇਸ ਵਾਰ ਪੱਤਰਕਾਰ ਜਰਨੈਲ ਸਿੰਘ ਵੀ ਜਿੱਤ ਗਏ ਹਨ, ਜੋ 1984 ਦੇ ਕਤਲੇਆਮ ਨਾਲ ਬਾ-ਵਸਤਾ ਰਹੇ ਹਨ। ਕਾਂਗਰਸੀਆਂ ਨੂੰ ਸਜ਼ਾ ਯਾਫ਼ਤਾ ਕਰਨ ਦੀ ਵੱਡੀ ਆਸ ਵੀ ਬੱਝੀ ਹੈ। ਜੇਕਰ ਆਪ ਵਾਲੇ ਸਜ਼ਾ ਦਿਵਾਉਣ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਪੰਜਾਬ ‘ਚ ਸਿੱਖਾਂ ਦੀ ਵੱਡੀ ਹਮਦਰਦੀ ਉਨ੍ਹਾਂ ਨਾਲ ਹੋਰ ਜੁੜ ਜਾਵੇਗੀ। ਵੈਸੇ ਤਾਂ ਆਪ ਦੇ ਪੈਰ ਹੀ ਪੰਜਾਬ ਦੇ ਸਿੱਖ ਬਹੁਗਿਣਤੀ ਵਾਲੇ ਇਲਾਕੇ ‘ਚ 4 ਸੰਸਦੀ ਸੀਟਾਂ ਜਿੱਤ ਕੇ ਲੱਗੇ ਸਨ ਕਿਉਂਕਿ ਇਹ ਪੰਜਾਬੀ ਖ਼ਾਸਾ ਹੈ ਕਿ ਉਹ ਸਟੇਟ ਵਿਰੋਧੀ ਬਾਗ਼ੀ ਧਿਰਾਂ ਨਾਲ ਸਭ ਤੋਂ ਪਹਿਲਾਂ ਖੜਦੇ ਆਏ ਹਨ। ਅਗਾਂਹ ਵੀ ਖੜਨਗੇ, ਵਹਾਅ ‘ਚ ਵਹਿੰਦਿਆਂ ਆਪਾ ਲੁਟਾਉਣ ਤੱਕ ਜਾਣਗੇ, ਜਜ਼ਬਾਤੀ ਲੋਕ ਜੁ ਹੋਏ।

ਹੁਣ ਆਈਏ ਅਸਲ ਮੁੱਦੇ ਵੱਲ, ਜੋ ਸਿੱਖ ਨਸਲਕੁਸ਼ੀ ਦੇ ਚੱਲਦਿਆਂ ਪੰਜਾਬ ਦੀ ਜਵਾਨੀ ਦੇ ਘਾਣ ਨਾਲ ਸਬੰਧਿਤ ਹੈ ਅਤੇ ਜਿਸਨੂੰ ਵਰਤਾਉਣ ਵਾਲੇ ਹਾਲੇ ਵੀ ਸਰਕਾਰੀ ਸੁੱਖ-ਸਹੂਲਤਾਂ ਹੀ ਨਹੀਂ ਮਾਣ ਰਹੇ ਬਲਕਿ ਇਨਸਾਫ਼ ਤੋਂ ਭਗੌੜੇ ਇਹ ਲੋਕ ਮਜ਼ਲੂਮਾਂ ਨੂੰ ਦੰਦੀਆਂ ਚਿੜਾ ਰਹੇ ਹਨ ਕਿ ਤੁਹਾਡੀ ਇੱਕ ਪੀੜ੍ਹੀ ਅਸੀਂ ਗੋਲੀਆਂ ਮਾਰ-ਮਾਰ ਤੇ ਦੂਜੀ ਟੀਕੇ ਲਵਾ-ਲਵਾ ਮਾਰ ਦਿੱਤੀ, ਤੁਸੀਂ ਕੀ ਵਿਗਾੜ ਲਿਆ ਸਾਡਾ?

ਸਿੱਖ ਨੁਕਤਾਨਿਗਾਹ ਤੋਂ ਵੇਖਦਿਆਂ, ਆਮ ਆਦਮੀ ਪਾਰਟੀ ਦੇ ਉਭਾਰ ਨਾਲ, ਸਿੱਖਾਂ ਦੀ ਪੰਜਾਬ ਵਿਚਲੀ ਸਥਿਤੀ ਨੂੰ ਕੋਈ ਫਰਕ ਪੈਂਦਾ ਨਹੀਂ ਦਿਸਦਾ। ਯਾਦ ਰਹੇ ਇਨ੍ਹਾਂ ਚੋਣਾਂ ਦੌਰਾਨ ਕੇਜਰੀਵਾਲ ਨੇ ਦਿੱਲੀ ਦੇ ਸ਼ਾਹੀ ਇਮਾਮ ਦੀ ਹਮਾਇਤ ਦੇ ਐਲਾਨ ਨੂੰ ਵੀ ਨਕਾਰਿਆ ਅਤੇ ਅਕਾਲੀ ਦਲ (ਮਾਨ) ਅਨੁਸਾਰ, ਉਨ੍ਹਾਂ ਦੀ ਹਮਾਇਤ ਕਬੂਲਣ ਤੋਂ ਵੀ ਟਾਲਾ ਵੱਟਿਆ। ਯਾਦ ਰਹੇ, ਕੁਝ ਸਮਾਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਪ੍ਰਸ਼ਾਂਤ ਭੂਸ਼ਣ ਨੇ ਜੰਮੂ-ਕਸ਼ਮੀਰ ਵਿੱਚ, ਸੁਰੱਖਿਆ ਦਸਤੇ ਰੱਖਣ ਜਾਂ ਨਾ-ਰੱਖਣ ਸਬੰਧੀ ਰਾਏ-ਸ਼ੁਮਾਰੀ ਦੀ ਮੰਗ ਕੀਤੀ ਸੀ ਤਾਂ ਕੇਜਰੀਵਾਲ ਨੇ ਉਸ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ।

ਭਾਵੇਂ ਕੇਜਰੀਵਾਲ ਵਲੋਂ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਲਈ ‘ਸਪੈਸ਼ਲ ਇਨਵੈਸਟੀਗੇਟਿਵ ਟੀਮ’ ਬਣਾਉਣ ਸਬੰਧੀ ਪਹਿਲ ਕੀਤੀ ਗਈ ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਹੱਕੀ ਸੰਘਰਸ਼ ਦੀਆਂ ਮੂਲ-ਮੰਗਾਂ ਸਬੰਧੀ ਕੇਜਰੀਵਾਲ ਨੇ ਕਦੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ।

ਪੰਜਾਬ ਦੇ ਪਾਣੀਆਂ, ਜਿਸ ਨੂੰ ਮੋਦੀ ਸਰਕਾਰ ‘ਇੰਟਰ-ਲਿੰਕਿੰਗ ਆਫ ਰਿਵਰਜ਼’ ਦੇ ਨਾਂ ਥੱਲੇ ਅੱਗੋਂ ਲੁੱਟਣਾ ਚਾਹੁੰਦੀ ਹੈ, ਸਬੰਧੀ ਵੀ ਕੇਜਰੀਵਾਲ ਨੇ ਦੜ੍ਹ ਵੱਟੀ ਹੋਈ ਹੈ। ਪੰਜਾਬ ‘ਚ ਕੀਤੇ ਜਵਾਨੀ ਦੇ ਘਾਣ ਬਾਰੇ ਜਾਂ ਉਸਦੇ ਲਈ ਦੋਸ਼ੀ ਸਮਝੇ ਜਾਂਦੇ ਪੁਲਿਸ ਅਧਿਕਾਰੀਆਂ ਜਾਂ ਸਿਆਸੀ ਆਗੂਆਂ ਬਾਰੇ ਕੁਝ ਕਹਿਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।

ਕੇਜਰੀਵਾਲ, ਅੰਨਾ ਹਜ਼ਾਰੇ, ਜਿਸ ‘ਗਾਂਧੀਅਨ ਫਿਲਾਸਫੀ’ ਦੇ ਝੰਡਾ ਬਰਦਾਰ ਹਨ, ਇਨ੍ਹਾਂ ਦਾ ਪਿਤਾਮਾ ਗਾਂਧੀ, ਅਸਲ ਵਿੱਚ ਸਿੱਖਾਂ ਨੂੰ ਝਾਂਸਾ ਦੇ ਕੇ, ਹਿੰਦੂਆਂ ਵਿੱਚ ਜਜ਼ਬ ਕਰਨ ਦੀ ਨੀਤੀ ਦਾ ‘ਮੁੱਖ ਆਰਕੀਟੈਕਟ’ ਹੈ। ਕੇਜਰੀਵਾਲ ਅਤੇ ਉਸ ਦੀ ਆਮ ਆਦਮੀ ਪਾਰਟੀ ਹਰ ਪੱਖੋਂ ‘ਇੰਡੀਅਨ ਨੈਸ਼ਨਲਿਜ਼ਮ’ ਦੀ ਮੁੱਦਈ ਪਾਰਟੀ ਹੈ, ਫਿਰ ਐਸਾ ਕਿਉਂ ਹੈ ਕਿ 30 ਮਿਲੀਅਨ ਸਿੱਖ ਕੌਮ ਦਾ ਇੱਕ ਪ੍ਰਭਾਵਸ਼ਾਲੀ ਹਿੱਸਾ ਆਪਣਾ ਹਿੱਤ ਵਿਚਾਰੇ ਬਿਨ੍ਹਾਂ, ਇਸ ਦਾ ਝੰਡਾ ਬਰਦਾਰ ਬਣ ਗਿਆ ਹੈ?

ਬੇਸ਼ੱਕ ਕੇਜਰੀਵਾਲ, ਬਾਕੀ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਨਾਲੋਂ ਮੁਕਾਬਲਤਨ ਬੇਹੱਦ ਇਮਾਨਦਾਰ ਹੈ, ਪਰ ਸਿੱਖ ਕੌਮ ਦੇ ਹਿਤਾਂ ਲਈ, ਇਸ ਨੂੰ ਪੈਮਾਨਾ ਬਣਾ ਕੇ ਅੱਖਾਂ ਬੰਦ ਕਰ ਲੈਣੀਆਂ, ਕਿੱਥੋਂ ਦੀ ਸਿਆਣਪ ਹੈ? ਯਾਦ ਰਹੇ, ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਕੇਜਰੀਵਾਲ ਸੌਦਾ ਸਾਧ ਦਾ ਆਸ਼ੀਰਵਾਦ ਲੈ ਕੇ ਆਇਆ ਸੀ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਨੇ, ਸੌਦਾ ਸਾਧ ਦੀ ਫਿਲਮ ਰਿਲੀਜ਼ ਕਰਵਾਉਣ ਦੇ ਹੱਕ ਵਿੱਚ ਬਿਆਨ ਦੇ ਕੇ ਦੱਸਿਆ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਇਨ੍ਹਾਂ ਦੀ ਕਿੰਨੀ ਕੁ ਸੰਵੇਦਨਸ਼ੀਲਤਾ ਹੈ?

ਡੇਢ ਲੱਖ ਤੋਂ ਜ਼ਿਆਦਾ ਸਿੱਖਾਂ ਦਾ, ਭਾਰਤੀ ਸਟੇਟ ਹੱਥੋਂ ਘਾਣ ਕਰਵਾਉਣ ਤੋਂ ਬਾਅਦ, ਕੀ ਹੁਣ ਸਿੱਖਾਂ ਦੀ ਮੰਗ ‘ਭ੍ਰਿਸ਼ਟਾਚਾਰ ਮੁਕਤ, ਸੈਕੂਲਰ ਭਾਰਤ’ ਦੀ ਹੀ ਰਹਿ ਗਈ ਹੈ?

ਸਾਨੂੰ ਪਤਾ ਹੈ ਕਿ ਆਪਣੀ ਇਸ ਲਿਖਤ ਨਾਲ ਅਸੀਂ ਬਹੁਤ ਸਾਰੇ ਜਜ਼ਬਾਤੀ, ਦਿਸ਼ਾਹੀਣ ਆਪਣੇ ਭਰਾਵਾਂ ਦੇ ਰੋਹ ਦਾ ਸ਼ਿਕਾਰ ਹੋਵਾਂਗੇ ਪਰ ਕੀ ਕਰੀਏ ਅਸੀਂ ਵੀ ਆਪਣੀ ਆਦਤ ਤੋਂ ਮਜ਼ਬੂਰ ਹਾਂ। ਹੋ ਸਕਦਾ ਕੇਜਰੀਵਾਲ ਜਾਂ ਉਸਦੇ ਸਾਥੀਆਂ ਲਈ ਸਾਡੇ ਇਹ ਮੁੱਦੇ ਪਹਿਲ (ਪਰਾਇਓਰਟੀ) ਨਾ ਹੋਣ, ਪਰ ਉਸਨੇ ਕਦੇ ਨਾਂ ਭੋਗ ਹੀ ਨਹੀਂ ਪਾਇਆ ਇਨ੍ਹਾਂ ਮੁੱਦਿਆਂ ਦਾ ਤੇ ਨਾ ਹੀ ਇਹਦੇ ਪੰਜਾਬ ਵਿਚਲੇ ਸੰਸਦ ਮੈਂਬਰਾਂ ਨੇ।

ਉਡੀਕ ਕਰੀਏ? ਕਰ ਲੈਨੇ ਆਂ, ਹੋਰ ਕੋਈ ਬਦਲ ਵੀ ਤਾਂ ਨਹੀਂ ਦਿਸ ਰਿਹਾ। ਵੈਸੇ ਪਿਛਲੇ ਦਹਾਕਿਆਂ ਵਿੱਚ, ਸਿੱਖ ਕੌਮ ਨੇ ਇਹ ਸ਼ਬਦ ਜਿੰਨੀ ਵਾਰ ਵਰਤਿਆ ਹੈ, ਜੇ ਇੱਕ ਵਾਰ ਹੋਰ ਵਰਤ ਲੈਣਗੇ ਤਾਂ ਕੀ ਫਰਕ ਪੈ ਜਾਵੇਗਾ –

‘ਖਾਲਸਾ ਜੀ, ਸਾਡੇ ਨਾਲ ਮੁੜ ਧੋਖਾ ਹੋ ਗਿਆ।’

ਯਾਦ ਕਰਵਾਉਣਾ ਫਰਜ਼ ਹੈ, ਮੰਨਣਾ ਜਾਂ ਨਾ ਮੰਨਣਾ ਹਰ ਇੱਕ ਦੀ ਮਰਜ਼ੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ਵਿੱਚ ਨਸ਼ੇ, ਸਿਆਸਤ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਲੇਖ ਪੰਜਾਬ ਦੇ ਇਤਿਹਾਸਕ ਸੰਘਰਸ਼ ਅਤੇ ਮੌਜੂਦਾ ਨਸ਼ਾ
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: