ਪੰਜਾਬ ਵਜ਼ਾਰਤ ਵੱਲੋਂ 15 ਨਵੰਬਰ ਨੂੰ ਲਏ ਗਏ ਫ਼ੈਸਲੇ ਅਤੇ ਰਾਜ ਦੇ ਸਕੱਤਰ ਸਿੰਜਾਈ ਵੱਲੋਂ 16 ਨਵੰਬਰ 2016 ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਲਈ ਪ੍ਰਾਪਤ ਕੀਤੀ ਗਈ ਸਮੁੱਚੀ ਜ਼ਮੀਨ ਜਨਤਕ ਹਿੱਤਾਂ ਵਿਚ ਮਾਲਕ ਕਿਸਾਨਾਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਵਾਪਸ ਕਰਨ ਸਬੰਧੀ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਤੋਂ ਬਾਅਦ ਰਾਜ ਦੇ 4 ਜ਼ਿਲ੍ਹਿਆਂ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 4036 ਏਕੜ ਜ਼ਮੀਨ ਨੂੰ ਕਿਸਾਨਾਂ ਦੇ ਨਾਂਅ ਵਾਪਸ ਟਰਾਂਸਫਰ ਕਰਦਿਆਂ ਇਹ ਜ਼ਮੀਨ ਮਾਲ ਰਿਕਾਰਡ ਵਿਚ ਉਨ੍ਹਾਂ ਦੇ ਨਾਮ ਚਾੜ੍ਹ ਕੇ ਇੰਤਕਾਲ ਵੀ ਜਾਰੀ ਕਰ ਦਿੱਤੇ ਹਨ। ਰਾਜ ਸਰਕਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰੋਪੜ, ਫ਼ਤਿਹਗੜ੍ਹ ਸਾਹਿਬ ਤੇ ਮੁਹਾਲੀ ਵਿਚ ਇਹ ਕੰਮ ਅੱਜ ਸ਼ਾਮ ਪੂਰਾ ਹੋ ਗਿਆ ਸੀ, ਜਦੋਂ ਕਿ ਪਟਿਆਲਾ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਰਾਜ ਸਰਕਾਰ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਵੀ ਕੱਲ੍ਹ ਅੱਧੀ ਰਾਤ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਵਾਪਸ ਕਰਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ।