6 ਤੋਂ 8 ਜਨਵਰੀ ਤੱਕ ਬਾਦਲ ਪਿੰਡ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ
ਬਰਨਾਲਾ ( 17 ਦਸੰਬਰ, 2015): 8 ਕਿਸਾਨ ਤੇ 4 ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਅੱਜ ਇੱਥੇ ਦਾਣਾ ਮੰਡੀ ਵਿਖੇ ਕੀਤੀ । ਠਾਠਾਂ ਮਾਰਦੇ ਬੇ-ਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਦੇ ਭਖਦੇ ਮਸਲਿਆਂ ਦਾ ਤਸੱਲੀਬਖਸ਼ ਨਿਪਟਾਰਾ ਜੇਕਰ ਸਰਕਾਰ ਨੇ ਤੁਰੰਤ ਨਾ ਕੀਤਾ ਤਾਂ 6 ਤੋਂ 8 ਜਨਵਰੀ ਤੱਕ ਬਾਦਲ ਪਿੰਡ ਵਿੱਚ ਪੱਕਾ ਦਿਨੇ-ਰਾਤ ਮੋਰਚਾ ਲਾਇਆ ਜਾਵੇਗਾ।

ਉਹਨਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਕਿ ਕੀਟਨਾਸ਼ਕ ਨਿਰਮਾਤਾ/ਵਪਾਰਕ ਕੰਪਨੀਆਂ ਦੀ ਮਿਲੀ ਭੁਗਤ ਦੇ ਸਿੱਟੇ ਵਜੋਂ ਚਿੱਟੀ ਮੱਖੀ ਦੁਆਰਾ ਮਚਾਈ ਤਬਾਹੀ ਨੂੰ ਕੁਦਰਤੀ ਆਫ਼ਤ ਕਹਿ ਕੇ ਲੁਟੇਰਾ ਬਾਇਰ ਕੰਪਨੀ/ਵਪਾਰੀਆਂ ਨੂੰ ਬਰੀ ਕਰਨ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਥਾਂ ਐਲਾਨ ਕੀਤੀ ਗਈ ਨਿਗੂਣੀ ਰਾਹਤ 8000 ਰੁ: ਪ੍ਰਤੀ ਏਕੜ ਵੀ ਅਸਲ ਕਾਸ਼ਤਕਾਰਾਂ ਨੂੰ ਨਹੀਂ ਦਿੱਤੀ ਜਾ ਰਹੀ, ਜਿਨਾਂ ਵਿੱਚੋਂ ਅੱਧਿਓਂ ਵੱਧ ਅਜੇ ਤੱਕ ਬਿਲਕੁਲ ਵਾਂਝੇ ਹਨ।
ਨਰਮਾ-ਚੁਗਾਈ ਦੇ 20000 ਰੁ: ਪ੍ਰਤੀ ਪਰਿਵਾਰ ਦੀ ਥਾਂ ਖੇਤ ਮਜ਼ਦੂਰਾਂ ਲਈ ਐਲਾਨੀ ਨਿਗੂਣੀ ਰਾਹਤ 64 ਕਰੋੜ ਰੁਪਏ ਵਿੱਚੋਂ ਅਜੇ ਤੱਕ ਕਿਸੇ ਨੂੰ ਧੇਲਾ ਵੀ ਨਹੀਂ ਦਿੱਤਾ। ਬਾਸਮਤੀ ਦੇ ਵੱਡੇ ਵਪਾਰੀਆਂ ਨੂੰ ਖੁੱਲੀ ਛੁੱਟੀ ਦੇ ਕੇ ਔਸਤਨ 2500 ਰੁ: ਪ੍ਰਤੀ ਕੁਇੰਟਲ ਘਾਟੇ ਦੇ ਹਿਸਾਬ 7500 ਕਰੋੜ ਦਾ ਰਗੜਾ ਕਿਸਾਨਾਂ ਨੂੰ ਲਾਇਆ ਹੈ।

ਮੌਜੂਦਾ ਸੰਘਰਸ਼ ਦੀਆਂ ਮੰਗਾਂ ਬਾਰੇ ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦ-ਜਮਹੂਰੀ ਸੰਘਰਸ਼ਾਂ ਦੀ ਸੰਘੀ ਘੁੱਟਣ ਵਾਲਾ ਕਾਲਾ ਕਾਨੂੰਨ ”ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014” ਰੱਦ ਕੀਤਾ ਜਾਵੇ; ਸੰਸਾਰ ਵਪਾਰ ਜਥੇਬੰਦੀ ਦੀ ਨੈਰੋਬੀ ਕਾਨਫਰੰਸ ਦੇ ਕਿਸਾਨ ਮਜ਼ਦੂਰ ਵਿਰੋਧੀ ਮਤੇ ਰੱਦ ਕੀਤੇ ਜਾਣ; ਚਿੱਟੀ ਮੱਖੀ ਅਤੇ ਹੜਾਂ/ਗੜੇਮਾਰੀ ਨਾਲ ਹੋਈ ਹਰ ਫਸਲ ਦੀ ਤਬਾਹੀ ਦਾ ਅਤੇ ਮਜ਼ਦੂਰਾਂ ਦੇ ਰੁਜ਼ਗਾਰ-ਉਜਾੜੇ ਦਾ ਪੂਰਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ; ਬਾਸਮਤੀ ਦੇ ਘਾਟੇ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਅੱਗੇ ਤੋਂ ਲਾਹੇਵੰਦਾਂ ਦਾ ਭਾਅ ਅਗਾਉਂ ਮਿਥ ਕੇ ਸਰਕਾਰੀ ਖਰੀਦ ਕੀਤੀ ਜਾਵੇ; ਗੰਨੇ ਦਾ ਬਕਾਇਆ 134 ਕਰੋੜ ਅਤੇ ਝੋਨੇ ਦਾ 5000 ਕਰੋੜ ਤੁਰੰਤ ਅਦਾ ਕੀਤਾ ਜਾਵੇ; ਬੰਦ ਖੰਡ ਮਿੱਲਾਂ ਤੁਰੰਤ ਚਾਲੂ ਕੀਤੀਆਂ ਜਾਣ; ਕਰਜੇ ਮੋੜਨ ਤੋਂ ਅਸਮਰਥ ਕਿਸਾਨਾਂ ਤੇ ਖੇਤ ਮਜ਼ਦੂਰਾਂ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ; ਅਬਾਦਕਾਰ/ਮੁਜ਼ਾਰੇ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਹਜ਼ਾਰਾਂ ਕਿਸਾਨਾਂ ਨੂੰ ਜਾਰੀ ਕੀਤੇ ਬੇਦਖਲੀ ਨੋਟਿਸ ਤੁਰੰਤ ਰੱਦ ਕੀਤੇ ਜਾਣ; ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ-ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਸਰਕਾਰੀ ਨੌਕਰੀ ਦੇਣ ਦੇ ਨਾਲ ਹੀ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ; ਖੁਦਕੁਸ਼ੀਆਂ ਰੋਕਣ ਲਈ ਕਿਸਾਨ ਮਜ਼ਦੂਰ ਪੱਖੀ ਵਿਆਪਕ ਖੇਤੀ ਨੀਤੀ ਬਣਾਈ ਜਾਵੇ; ਅਵਾਰਾ ਪਸ਼ੂਆਂ/ਕੁੱਤਿਆਂ ਦੀ ਗੰਭੀਰ ਸਮੱਸਿਆ ਤੁਰੰਤ ਹੱਲ ਕੀਤੀ ਜਾਵੇ ਅਤੇ ਅੰਦੋਲਨਕਾਰੀ ਕਿਸਾਨਾਂ-ਮਜ਼ਦੂਰਾਂ ਸਿਰ ਮੜੇ ਪੁਲਿਸ ਕੇਸ ਰੱਦ ਕੀਤੇ ਜਾਣ ਵਰਗੀਆਂ ਹੋਰ ਕਈ ਭਖਦੀਆਂ ਮੰਗਾਂ ਮੰਨਣ ਉੱਤੇ ਵੀ ਜ਼ੋਰ ਦਿੱਤਾ।
ਇਕੱਠ ਵੱਲੋਂ ਜ਼ੋਰਦਾਰ ਨਾਹਰਿਆਂ ਰਾਹੀਂ ਇੱਕ ਮਤਾ ਪਾਸ ਕਰਕੇ ਅਬੋਹਰ ਵਿੱਚ ਅਕਾਲੀ ਦਲ (ਬ) ਦੇ ਠੇਕੇਦਾਰ ਦੇ ਫਾਰਮ ਹਾਊਸ ਵਿੱਚ ਦੋ ਦਲਿਤ ਨੌਜਵਾਨਾਂ ਦੇ ਹੱਥ ਪੈਰ ਵੱਢ ਕੇ ਇੱਕ ਨੂੰ ਜਾਨੋਂ ਮਾਰਨ ਦੀ ਹੌਲਨਾਕ ਗੁੰਡਾ ਕਰਤੂਤ ਅਤੇ ਸੱਤਾਧਾਰੀ ਬਦਲਾਂ ਦੇ ਨਜ਼ਦੀਕੀ ਦੀ ਬੱਸ ਨਿਊਦੀਪ ਹੇਠਾਂ ਕੁਚਲ ਕੇ ਮਾਰੀ ਗਈ ਪਿੰਡ ਚਨੂੰ ਦੀ 12 ਸਾਲ ਦੀ ਕੁੜੀ ਅਰਸ਼ਦੀਪ ਦੀ ਲਾਸ਼ ਪੁਲਿਸ ਵੱਲੋਂ ਮਾਪਿਆਂ ਤੋਂ ਖੋਹ ਕੇ ਸੜਕ ਤੇ ਘੜੀਸਣ ਦੀ ਦਿਲ-ਕੰਬਾਊ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਦੋਨਾਂ ਘਟਨਾਵਾਂ ਦੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਸਟੇਜ ਸਕੱਤਰ ਦੀ ਭੂਮਿਕਾ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਿਭਾਈ ਅਤੇ ਮੁੱਖ ਬੁਲਾਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ (ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ); ਬੂਟਾ ਸਿੰਘ ਬੁਰਜਗਿੱਲ (ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ); ਜੋਰਾ ਸਿੰਘ ਨਸਰਾਲੀ (ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ); ਸੁਰਜੀਤ ਸਿੰਘ ਫੂਲ (ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ); ਮਹੀਪਾਲ ਸਿੰਘ (ਦਿਹਾਤੀ ਮਜ਼ਦੂਰ ਸਭਾ); ਸੁਖਵਿੰਦਰ ਸਿੰਘ ਸਭਰਾ (ਕਿਸਾਨ ਸੰਘਰਸ਼ ਕਮੇਟੀ); ਹਰਦੇਵ ਸਿੰਘ ਸੰਧੂ (ਕਿਰਤੀ ਕਿਸਾਨ ਯੂਨੀਅਨ); ਭਗਵੰਤ ਸਿੰਘ ਸਮਾਓਂ (ਮਜ਼ਦੂਰ ਮੁਕਤੀ ਮੋਰਚਾ); ਪਵਿੱਤਰ ਸਿੰਘ ਲਾਲੀ (ਪੰਜਾਬ ਕਿਸਾਨ ਯੂਨੀਅਨ); ਕੁਲਵੰਤ ਸਿੰਘ ਸੰਧੂ (ਜਮਹੂਰੀ ਕਿਸਾਨ ਸਭਾ) ਅਤੇ ਦਰਬਾਰਾ ਸਿੰਘ ਫੂਲੇਵਾਲਾ (ਪੇਂਡੂ ਮਜ਼ਦੂਰ ਯੂਨੀਅਨ ਮਸਾਲ) ਸ਼ਾਮਿਲ ਸਨ।