ਬਠਿੰਡਾ: ਪੰਜਾਬ ਦੀ ਮਰ ਰਹੀ ਕਿਸਾਨੀ ਦੀ ਲੰਬੀ ਲਿਸਟ ਵਿੱਚ 2 ਹੋਰ ਨਵੇਂ ਨਾਮ ਦਰਜ ਹੋ ਗਏ।ਪਿੰਡ ਮੱਲਵਾਲਾ ਦੇ 44 ਸਾਲਾ ਕਿਸਾਨ ਹਰਬਿੰਦਰ ਸਿੰਘ ਅਤੇ ਪਿੰਡ ਲਹਿਰੀ ਦੇ 28 ਸਾਲਾ ਕਿਸਾਨ ਹਰਪ੍ਰੀਤ ਸਿੰਘ ਵੱਲੋਂ ਨਿੱਘਰ ਰਹੀ ਆਰਥਿਕ ਸਥਿਤੀ ਤੋਂ ਤੰਗ ਹੋ ਕੇ ਜ਼ਹਿਰੀਲੀ ਦਵਾਈ ਪੀ ਆਪਣੇ ਸਾਹਾਂ ਦੀ ਲੜੀ ਨੂੰ ਤੋੜ ਲਿਆ।
ਲਹਿਰੀ ਪਿੰਡ ਦੇ ਹਰਪ੍ਰੀਤ ਸਿੰਘ ਨੇ ਬੀਤੇ ਕੱਲ੍ਹ ਕਰਜੇ ਤੋਂ ਤੰਗ ਆ ਕੇ ਜ਼ਹਿਰ ਪੀ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ। ਚਿੱਟੀ ਮੱਖੀ ਦੇ ਹਮਲੇ ਕਾਰਨ ਉਸ ਦੀ ਨਰਮੇ ਦੀ ਫਸਲ ਤਬਾਹ ਹੋ ਗਈ ਸੀ, ਜਿਸ ਦਤਾ ਉਸ ਨੂੰ ਕੋਈ ਮੁਆਵਜਾ ਵੀ ਨਹੀਂ ਮਿਲਿਆ ਸੀ।ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦੇ ਪ੍ਰਧਾਨ ਦਲਜੀਤ ਸਿੰਘ ਲਹਿਰੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਗੈਸ ਸਲੈਂਡਰ ਭਰਵਾਉਣਾ ਸੀ, ਪਰ ਕਿਸੇ ਪਾਸਿਓ ਵੀ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ ਤੇ ਅਜਿਹੀ ਮਾੜੀ ਆਰਥਿਕ ਸਥਿਤੀ ਤੋਂ ਤੰਗ ਆ ਕੇ ਉਸ ਨੇ ਜ਼ਹਿਰ ਪੀ ਲਈ।ਹਰਪ੍ਰੀਤ ਸਿੰਘ ਸਿਰ ਕਾਫੀ ਕਰਜਾ ਸੀ। ਕਾਫੀ ਸਮਾਂ ਪਹਿਲਾਂ ਹੋਈ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਭਰਾ ਨਾਲ 2 ਏਕੜ ਜਮੀਨ ਦੀ ਖੇਤੀ ਸਹਾਰੇ ਗੁਜ਼ਾਰਾ ਕਰਦਾ ਸੀ।ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ।
ਪਿੰਡ ਮੱਲਵਾਲਾ ਦੇ ਹਰਬਿੰਦਰ ਸਿੰਘ ਨੇ ਬੀਤੇ ਐਤਵਾਰ ਕੋਈ ਜਹਿਰੀਲੀ ਚੀਜ ਖਾ ਲਈ ਸੀ ਜਿਸ ਕਾਰਨ ਸੋਮਵਾਰ ਨੂੰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਹਰਬਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਸਦੀ ਪੰਜ-ਏਕੜ ਨਰਮੇ ਦੀ ਫਸਲ ਚਿੱਟੀ ਮੱਖੀ ਦੇ ਹਮਲੇ ਕਾਰਨ ਬਰਬਾਦ ਹੋ ਗਈ ਸੀ। ਪੁਲਿਸ ਚੌਂਕੀ ਰਾਮਾ ਦੇ ਇੰਚਾਰਜ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਚੱਲੀ ਤੇਜ ਹਵਾ ਨਾਲ ਉਸਦੀ ਕਣਕ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੋ ਗਿਆ ਸੀ ਤੇ ਉਸ ਨੇ ਇਹ ਕਦਮ ਚੁੱਕ ਲਿਆ।ਪੁਲਿਸ ਵੱਲੋਂ ਪੋਸਟ ਮਾਰਟਮ ਤੋਂ ਬਾਅਦ ਸ਼ਰੀਰ ਪਰਿਵਾਰ ਨੂੰ ਦੇ ਦਿੱਤਾ ਗਿਆ।