ਕੁਆਲਾਲੰਪੁਰ (15 ਮਾਰਚ, 2016): ਸਿੱਖਾਂ ਵੱਲੋਂ ਸਖਤ ਮਿਹਨਤ, ਯੋਗਤਾ ਨਾਲ ਸੰਸਾਰ ਭਰ ਵਿੱਚ ਵੱਖ- ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਦੇ ਸਿਲਸਿਲੇ ਦੇ ਚੱਲਦਿਆਂ ਅਮਰ ਸਿੰਘ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਪਹਿਲੇ ਸਿੱਖ ਪੁਲਿਸ ਮੁਖੀ ਬਣੇ ਹਨ । ਉਹ ਬਹੁ-ਮੁਸਲਿਮ ਆਬਾਦੀ ਵਾਲੇ ਦੇਸ਼ ਮਲੇਸ਼ੀਆ ਦੇ ਪਹਿਲੇ ਸਿੱਖ ਪੁਲਿਸ ਮੁਖੀ ਹਨ ।

58 ਸਾਲਾ ਅਮਰ ਸਿੰਘ ਨੇ ਸੋਮਵਾਰ ਨੂੰ ਕੁਆਲਾਲੰਪੁਰ ਦੇ ਪੁਲਿਸ ਮੁਖੀ ਦੇ ਤੌਰ ‘ਤੇ ਤਾਜੋਦੀਨ ਮੁਹੰਮਦ ਦਾ ਸਥਾਨ ਲਿਆ । ‘ਨਿਊ ਸਟ੍ਰੇਟਸ ਟਾਈਮਜ਼’ ਅਨੁਸਾਰ ਅਮਰ ਸਿੰਘ ਨੇ ਸਮਾਰੋਹ ਦੌਰਾਨ ਆਪਣੇ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਮਲੇਸ਼ੀਆ ‘ਚ ਘੱਟ ਗਿਣਤੀ ਭਾਈਚਾਰੇ ਖਾਸ ਕਰਕੇ ਸਿੱਖਾਂ ਦੇ ਲਈ ਮਾਣ ਵਾਲੀ ਗੱਲ ਹੈ, ਜਿਨ੍ਹਾਂ ਦੀ ਇਥੇ ਦੇ ਪੁਲਿਸ ਬਲਾਂ ‘ਚ ਗਿਣਤੀ 0.16 ਫੀਸਦੀ ਹੈ ।
ਉਨ੍ਹਾਂ ਕਿਹਾ ਕਿ ਇਸ ਨਾਲ ਇਹ ਵੀ ਸਾਬਿਤ ਹੁੰਦਾ ਹੈ ਕਿ ਪੁਲਿਸ ਬਲ ਦੀ ਲੀਡਰਸ਼ਿਪ ਆਪਣੇ ਅਧਿਕਾਰੀਆਂ ਨੂੰ ਪਦਉੱਨਤੀ ਦੇਣ ਅਤੇ ਉਨ੍ਹਾਂ ਦੇ ਕਰਤੱਵਾਂ ਦੇ ਪਾਲਣ ‘ਚ ਕਿਸੇ ਤਰਾਂ ਦਾ ਭੇਦਭਾਵ ਨਹੀਂ ਕਰਦੀ । ਅਮਰ ਸਿੰਘ ਨੇ ਸ਼ਹਿਰ ‘ਚ ਅਪਰਾਧ ਦੀਆਂ ਘਟਨਾਵਾਂ 17.6 ਫੀਸਦੀ ਤੱਕ ਹੇਠਾ ਲਿਆਉਣ ਦੇ ਲਈ ਪਹਿਲੇ ਪੁਲਿਸ ਮੁਖੀ ਤਾਜੋਦੀਨ ਦੀ ਪ੍ਰਸੰਸਾ ਵੀ ਕੀਤੀ । ਅਮਰ ਸਿੰਘ ਦੀ ਨਿਯੁਕਤੀ ਬਾਰੇ ਪਿਛਲੇ ਮਹੀਨੇ ਐਲਾਨ ਕੀਤਾ ਗਿਆ ਸੀ ।
ਦੱਸਣਯੋਗ ਹੈ ਕਿ ਅਮਰ ਸਿੰਘ ਆਪਣੇ ਪਰਿਵਾਰ ‘ਤੋਂ ਤੀਸਰੀ ਪੀੜੀ ਤੋਂ ਪੁਲਿਸ ‘ਚ ਹਨ । ਉਨ੍ਹਾਂ ਦੇ ਪਿਤਾ ਅਤੇ ਨਾਨਾ ਵੀ ਮਲੇਸ਼ੀਆਈ ਪੁਲਿਸ ‘ਚ ਸਨ । ਅਮਰ ਸਿੰਘ ਦੇ ਪਿਤਾ ਈਸ਼ਰ ਸਿੰਘ ਪੰਜਾਬ ਤੋਂ ਮਲਾਇਆ ਆਉਣ ਤੋਂ ਇਕ ਸਾਲ ਬਾਅਦ 1939 ‘ਚ ਮਲੇਸ਼ੀਆਈ ਪੁਲਿਸ ‘ਚ ਭਰਤੀ ਹੋਏ ਸਨ । ਜਦਕਿ ਉਨ੍ਹਾਂ ਦੇ ਨਾਨਾ ਬਚਨ ਸਿੰਘ 1900 ਤੋਂ ਪਹਿਲਾਂ ਮਲੇਸ਼ੀਆਈ ਪੁਲਿਸ ‘ਚ ਕਾਂਸਟੇਬਲ ਸਨ । ਅਮਰ ਸਿੰਘ ਨੇ ਮਲਾਇਆ ਯੂਨੀਵਰਸਿਟੀ ਤੋਂ ਬੀ. ਐਸ. ਸੀ. ਦੀ ਡਿਗਰੀ ਕੀਤੀ ਅਤੇ ਉਨ੍ਹਾਂ ਯੂ. ਕੇ. ਦੀ ਬਕਿੰਘਮ ਯੂਨੀਵਰਸਿਟੀ ਤੋਂ ਐਲ. ਐਲ. ਬੀ. ਕੀਤੀ ।