ਫ਼ਰੀਦਕੋਟ: ਵਿਧਾਨ ਸਭਾ ਚੋਣਾਂ ਵਿੱਚ ਫ਼ਰੀਦਕੋਟ ਤੋਂ ਬਾਦਲ ਦਲ ਦੇ ਸਟਾਰ ਪ੍ਰਚਾਰਕ ਰਹੇ ਪਿੰਡ ਗੋਲੇਵਾਲਾ ਦੇ ਜਰਮਨਜੀਤ ਸਿੰਘ ਕੋਲੋਂ ਪੁਲਿਸ ਨੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਜਰਮਨਜੀਤ ਸਿੰਘ ਨੇ ਫ਼ਰੀਦਕੋਟ ਤੋਂ ਬਾਦਲ ਦਲ ਦੇ ਉਮੀਦਵਾਰ ਦੀ ਜਿੱਤ ਅਤੇ ਬਾਦਲ ਦਲ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਪੰਜ ਕਰੋੜ ਰੁਪਏ ਦੀ ਸ਼ਰਤ ਲਾਈ ਸੀ।

ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਜਰਮਨਜੀਤ ਸਿੰਘ ਕੋਲੋਂ ਇਕ ਦੇਸੀ ਪਿਸਤੌਲ 12 ਬੋਰ, ਇਕ 315 ਬੋਰ ਪਿਸਤੌਲ, ਇਕ ਰਿਵਾਲਵਰ, ਇਕ 12 ਬੋਰ ਦੋਨਾਲੀ ਰਾਈਫਲ, 44 ਕਾਰਤੂਸ, ਇਕ ਕਾਪਾ ਅਤੇ ਇਕ ਕਿਰਚ ਬਰਾਮਦ ਕਰ ਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦਾਅਵਾ ਕੀਤਾ ਕਿ ਜਰਮਨਜੀਤ ਸਿੰਘ ਦੇ ਗੈਂਗਸਟਰ ਮੁੰਨਾ ਨਿਪਾਲੀ ਨਾਲ ਕਰੀਬੀ ਸਬੰਧ ਹਨ ਅਤੇ ਇਹ ਹਥਿਆਰ ਉਸ ਨੇ ਫਿਰੌਤੀ ਲੈਣ ਲਈ ਜਮ੍ਹਾਂ ਕੀਤੇ ਸਨ। ਜਰਮਨਜੀਤ ਸਿੰਘ ਨੂੰ ਅੱਜ (23 ਮਾਰਚ ਨੂੰ) ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।