ਸਨਮਾਨ ਮਾਰਚ 10 ਜਨਵਰੀ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਕਰਨਾਲ ਤੱਕ ਜਾਵੇਗਾ
ਜਥੇਦਾਰ ਹਵਾਰਾ ਨਾਲ ਪੰਥਕ ਮਸਲਿਆਂ ਤੇ ਕੀਤੀਆਂ ਜਾਣ ਵਾਲੀਆਂ ਵਿਚਾਰਾਂ ਦਾ ਐਲਾਨ ਮਾਘੀ ਦੇ ਮੌਕੇ ਕੀਤਾ ਜਾਵੇਗਾ
ਚੰਡੀਗੜ੍ਹ : ਸਰਬੱਤ ਖਾਲਸਾ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ 11 ਜਨਵਰੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਖੇ ਪੰਥਕ ਅਤੇ ਸਿਆਸੀ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਸਬੰਧੀ ਬੁਧਵਾਰ ਨੂੰ ਪੰਥਕ ਅਤੇ ਸਿਆਸੀ ਜਥੇਬੰਦੀਆਂ ਵਲੋਂ ਚੰਡੀਗੜ੍ਹ ਦੇ ਸੈਕਟਰ 22 ਸਥਿਤ ਇਕ ਹੋਟਲ ਵਿਚ ਕੀਤੀ ਪ੍ਰੈਸ ਕਾਨਫਰੰਸ ਦੋਰਾਨ ਪੰਥਕ ਸੇਵਾ ਲਹਿਰ ਦੇ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਦਸਿਆ ਕਿ ਸਰਬਤ ਖਾਲਸਾ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪਿਆ ਗਿਆ ਸੀ ਪਰ ਪੰਜਾਬ ਸਰਕਾਰ ਦੀਆਂ ਉਸੇ ਦਿਨ ਤੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਕਾਰਨ ਜਥੇਦਾਰ ਭਾਈ ਹਵਾਰਾ ਦਾ ਸਨਮਾਨ ਨਹੀਂ ਹੋ ਸਕਿਆ। ਜਿਸ ਨੂੰ ਮੁੱਖ ਰਖਦਿਆਂ ਪੰਥਕ ਧਿਰਾਂ ਵਲੋਂ ਇਹ ਫੈਸਲਾ ਲਿਆ ਗਿਆ ਕਿ 11 ਜਨਵਰੀ ਨੂੰ ਭਾਈ ਹਵਾਰਾ ਦੀ ਦਿੱਲੀ ਦੀ ਇਕ ਅਦਾਲਤ ਪਟਿਆਲਾ ਹਾਊਸ ਵਿਖੇ ਪੇਸ਼ੀ ਦੋਰਾਨ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ 9 ਜਨਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਪੰਜ ਸਿੰਘਾਂ ਵਲੋਂ ਅਰਦਾਸ ਕੀਤੀ ਜਾਵੇਗੀ ਅਤੇ 10 ਜਨਵਰੀ ਨੂੰ ਸਵੇਰੇ 8 ਵਜ਼ੇ ਇਕ ਵਿਸ਼ਾਲ ਮਾਰਚ ਦੇ ਰੂਪ ਵਿਚ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾਏ ਜਾਣਗੇ । ਇਸ ਦੇ ਨਾਲ ਉਨ੍ਹਾਂ ਪ੍ਰੈਸ ਨੂੰ ਦਸਿਆ ਕਿ ਦਿੱਲੀ ਵਿਚ ਜਿਸਤ-ਟਾਂਕ ਨੰਬਰਾਂ ਵਾਲੀਆਂ ਵੱਖ-ਵੱਖ ਦਿਨ ਚਲੱਣ ਵਾਲੀਆਂ ਗੱਡੀਆਂ ਦੇ ਕਾਰਨ ਫ਼ਤਿਹਗੜ੍ਹ ਸਾਹਿਬ ਤੋਂ ਚਲੱਣ ਵਾਲਾ ”ਸਨਮਾਨ ਮਾਰਚ” ਦਿੱਲੀ ਦੇ ਗੁ. ਰਕਾਬ ਗੰਜ ਸਾਹਿਬ ਠਹਿਰਣ ਦੀ ਬਜਾਇ ਹੁਣ ਕਰਨਾਲ ਵਿਖੇ ਮੁੱਖ ਮਾਰਗ ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਕਰ ਦਿਤਾ ਜਾਵੇਗਾ।
ਪਤੱਰਕਾਰਾਂ ਦੇ ਪੁਛੱਣ ਤੇ ਉਨ੍ਹਾਂ ਦਸਿਆ ਕਿ ਕਰਨਾਲ ਦੇ ਠਹਿਰਾਵ ਕਰਨ ਵਾਲੇ ਗੁਰਦੁਆਰਾ ਸਾਹਿਬ ਤੋਂ ਜਥੇਦਾਰ ਭਾਈ ਹਵਾਰਾ ਦੇ ਸਨਮਾਨ ਲਈ ਪੰਥਕ ਜਥੇਬੰਦੀਆਂ ਵਲੋਂ ਪੰਜ ਨੁਮਾਂਇਦਿਆਂ ਨੂੰ ਜਾਹੋ-ਜਲਾਲ ਨਾਲ ਦਿੱਲੀ ਭੇਜਿਆ ਜਾਵੇਗਾ। ਜਿਨ੍ਹਾਂ ਵਲੋਂ 11 ਜਨਵਰੀ ਨੂੰ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ੀ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸਨਮਾਨ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਪ੍ਰੋ. ਮਹਿੰਦਰਪਾਲ ਸਿੰਘ , ਯੂਨਾਇਟਿਡ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਹਾਦਰ ਸਿੰਘ ਰਾਹੋਂ ਨੇ ਦਸਿਆ ਕਿ ਜਥੇਦਾਰ ਭਾਈ ਹਵਾਰਾ ਦਾ ਸਨਮਾਨ ਕਰਨ ਦੇ ਲਈ ਦਿੱਲੀ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਰਖਣ ਲਈ 3 ਮੈਂਬਰੀ ਕਮੇਟੀ ਬਣਾਈ ਗਈ ਹੈ।
ਪਤੱਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਥੇਦਾਰ ਭਾਈ ਹਵਾਰਾ ਦੇ ਸਨਮਾਨ ਦੋਰਾਨ ਮਿਲੇ ਸਮੇਂ ਵਿਚ ਪੰਥਕ ਵਿਚਾਰਾਂ ਵੀ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਐਲਾਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲ ਮੌਕੇ ਕਾਨਫਰੰਸ ਦੋਰਾਨ ਐਲਾਨ ਕੀਤਾ ਜਾਵੇਗਾ, ਨਾਲ ਹੀ ਅਗਲਾ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ । ਉਨ੍ਹਾਂ ਕਿਹਾ ਕਿ ”ਸਨਮਾਨ ਮਾਰਚ” ਦੀ ਅਗਵਾਈ ਲਈ ਪੰਜ ਪਿਆਰਿਆਂ ਨੂੰ ਬੇਨਤੀ ਕਰਨ ਲਈ ਸੰਪਰਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਥਕ ਆਗੂਆਂ ਨੇ ਕਿਹਾ ਕਿ ਪੰਜਾ ਪਿਆਰਿਆਂ ਵਲੋਂ ਸਰਕਾਰੀ ਜਥੇਦਾਰਾਂ ਦਾ ਬਾਇਕਾਟ ਕਰਨ ਦੇ ਐਲਾਨ ਦਾ ਪੂਰਨ ਤੋਰ ਤੇ ਸਮਰਥਨ ਕਰਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਆਪਣੇ ਹੀ ਦੇਸ਼ ਵਿਚ ਆਪਣੇ ਹੀ ਲੋਕਾਂ ਨੂੰ ਲਾਮਬੰਦ ਕਰਨ ‘ਤੇ ਆਪਣੇ ਹੀ ਲੋਕਾਂ ਨੂੰ ਦੇਸ਼ ਧਰੋਹੀ ਕਹਿਣ ਦੀ ਬਜਾਇ ਸਰਕਾਰ ਬਾਹਰਲੇ ਲੋਕਾਂ ਤੇ ਧਿਆਨ ਦੇਵੇ।
ਪਤੱਰਕਾਰਾਂ ਨੇ ਜਦੋਂ ਇਹ ਪੁੱਛਆ ਕਿ ਕੀ 10 ਨਵੰਬਰ ਨੂੰ ਸੱਦਿਆ ਗਿਆ ”ਸਰਬਤ ਖਾਲਸਾ” ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਪੰਥਕ ਆਗੂਆਂ ਨੇ ਜਵਾਬ ਦਿੰਦਿਆਂ ਕਿਹਾ ਕਿ ਚੱਬੇ ਪਿੰਡ ‘ਚ ”ਸਰਬਤ ਖਾਲਸਾ” ਇਸ ਲਈ ਸੱਦਿਆ ਗਿਆ ਸੀ ਕਿ ਪੰਜਾਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਰੂਪ ਚੋਰੀ ਹੋਣ ਅਤੇ ਬੇਅਦਬੀ ਕੀਤੇ ਜਾਣ ਦਾ ਸੰਗਤਾਂ ਵਿਚ ਰੋਸ ਹੋਣ ਦੇ ਨਾਲ ਬਰਗਾੜੀ ਵਿਖੇ ਦੋਸ਼ੀਆਂ ਨੂੰ ਫੜੇ ਜਾਣ ਦੀ ਮੰਗ ਕਰ ਰਹੇ ਸ਼ਾਂਤ ਮਈ ਰੂਪ ਵਿਚ ਬੈਠੀ ਸੰਗਤ ਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਾ ਹੋਣ ਦਾ ਵੀ ਸਿੱਖ ਸੰਗਤਾਂ ਦੇ ਮਨਾਂ ਵਿਚ ਭਾਰੀ ਰੋਸ਼ ਸੀ।
ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ 1986 ਵਿਚ ਸੱਦੇ ਗਏ ਸਰਬੱਤ ਖਾਲਸਾ ਦੇ ਮਤਿਆਂ ਦੀ ਪ੍ਰੋੜਤਾ ਵੀ ਕਰਦੇ ਹਾਂ। ਪੰਥਕ ਆਗੂਆਂ ਨੇ ਕਿਹਾ ਕਿ ਸੰਤ ਸਮਾਜ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ 2016 ਦੀ ਵਿਸਾਖੀ ਮੌਕੇ ਮੁੱੜ ਸਰਬਤ ਖਾਲਸਾ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦੇ ਥਾਪੇ ਜਾਣ ਦੇ ਮਾਮਲੇ ‘ਚ ਭਾਵੇਂ ਵਿਚਾਰ ਵੱਖਰੇ ਹੋਣ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਅਸੀਂ ਸਾਰੇ ਇਕ ਹਾਂ।
ਇਸ ਮੌਕੇ , ਬਾਬਾ ਪ੍ਰਦੀਪ ਸਿੰਘ ਚਾਂਦਪੂਰਾ, ਬਹਾਦਰ ਸਿੰਘ ਰਾਹੋਂ, ਪ੍ਰੋ. ਮਹਿੰਦਰਪਾਲ ਸਿੰਘ , ਗੁਰਨਾਮ ਸਿੰਘ ਸਿੱਧੂ, ਗੁਰਚਰਨ ਸਿੰਘ ਬੈਨੀਪਾਲ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਸਹੋਲੀ, ਜੰਗ ਸਿੰਘ, ਬਲਵਿੰਦਰ ਸਿੰਘ, ਰਵਿੰਦਰਜੀਤ ਸਿੰਘ ਗੋਗੀ ਅਤੇ ਕੁਲਦੀਪ ਸਿੰਘ ਢੈਂਠਲ ਆਦਿ ਮੌਜੂਦ ਸਨ।