ਦਿੱਲੀ (4 ਫਰਵਰੀ, 2015): ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਆਖਰੀ ਦਿਨ ਹੈ ਅਤੇ ਵੋਟਰਾਂ ਨੂੰ ਆਕਰਸ਼ਤ ਕਰਨ ਦੇ ਆਖਰੀ ਯਤਨਾਂ ਤਹਿਤ ਭਾਜਪਾ ਦੇ ਸੰਸਦ ਅਤੇ ਕੇਂਦਰੀ ਮੰਤਰੀ ਅੱਜ ਸਾਰੀਆਂ 70 ਸੀਟਾਂ ‘ਤੇ ਘੱਟ ਤੋਂ ਘੱਟ ਇਕ ਰੈਲੀ ਕਰਨਗੇ।
7 ਫਰਵਰੀ ਨੂੰ ਹੋਣ ਜਾ ਰਹੀ ਦਿੱਲੀ ਵਿਧਾਨ ਸਭਾ ਦੀ ਚੋਣ ਮੁਹਿੰਮ ਕਾਂਟੇ ਦੀ ਟੱਕਰ ਨਾਲ ਆਖਰੀ ਪੜਾਅ ਵਿਚ ਪਹੁੰਚ ਗਈ ਹੈ ਤੇ ਭਾਜਪਾ ਤੇ ਆਮ ਆਦਮੀ ਪਾਰਟੀ ‘ਚ ਹੋ ਰਹੀ ਸਿੱਧੀ ਟੱਕਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੱਕਾਰ ਦਾਅ ਉੱਪਰ ਲੱਗਿਆ ਹੋਇਆ ਹੈ।
9 ਮਹੀਨੇ ਪਹਿਲਾਂ ਇਕ ਨਾਇਕ ਵਜੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪੁੱਜਣ ਵਾਲੇ ਸ੍ਰੀ ਮੋਦੀ ਦਾ ਦਿੱਲੀ ਵਰਗੀ ਸੀਮਤ ਜਿਹੇ ਅਧਿਕਾਰਾਂ ਵਾਲੀ ਵਿਧਾਨ ਸਭਾ ਚੋਣ ਵਿਚ ਵੱਕਾਰ ਦਾਅ ੳੱਪਰ ਲੱਗ ਜਾਵੇਗਾ, ਕੁਝ ਦਿਨ ਪਹਿਲਾਂ ਤੱਕ ਇਹ ਗੱਲ ਕਿਸੇ ਨੇ ਸੋਚੀ ਤੱਕ ਨਹੀਂ ਸੀ।
ਭਾਜਪਾ ਚੋਣ ਰਣਨੀਤੀ ਦੇ ਮਾਹਿਰਾਂ ਨੂੰ ਇਸ ਗੱਲ ਨੇ ਡਾਢੀ ਚਿੰਤਾ ਵਿਚ ਪਾ ਦਿੱਤਾ ਹੈ ਕਿ ਜੇਕਰ ਮੋਦੀ ਦੇ ਜੇਤੂ ਮਾਰਚ ਦੀ ਲਗਾਮ ਦਿੱਲੀ ਵਿਚ ਹੀ ਕੱਸ ਦਿੱਤੀ ਗਈ ਤਾਂ ਫਿਰ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਉਸ ਦੇ ਕੂਚ ਕਰਨ ਉੱਪਰ ਵੱਡਾ ਸੁਆਲੀਆ ਚਿੰਨ੍ਹ ਲੱਗ ਜਾਵੇਗਾ।
70 ਸੀਟਾਂ ਲਈ ਚਲ ਰਹੀ ਚੋਣ ਮੁਹਿੰਮ ‘ਚ ਮਨੋਵਿਗਿਆਨਕ ਜੰਗ ਵਿਚ ਭਾਜਪਾ ਨੂੰ ‘ਆਪ’ ਮਾਤ ਦੇ ਗਈ ਹੈ, ਪਰ ਅਗਲੇ ਦੋ ਦਿਨਾਂ ਦੀ ਵੋਟ ਭੁਗਤਾਊ ਰਣਨੀਤੀ ਵਿਚ ਕਿਹੋ ਜਿਹੀ ਕਾਰਗੁਜ਼ਾਰੀ ਰਹਿੰਦੀ ਹੈ, ਇਸ ਉੱਪਰ ਹੀ ਚੋਣ ਨਤੀਜਾ ਟਿਕਿਆ ਹੋਇਆ ਹੈ।
ਭਾਜਪਾ ਦੇ ਅੰਦਰੂਨੀ ਸੂਤਰਾਂ ਮੁਤਾਬਿਕ ਭਾਜਪਾ ਤੇ ਆਰ. ਐਸ. ਐਸ. ਨੇ ਹੇਠਲੇ ਪੱਧਰ ਤੱਕ ਵੋਟਰਾਂ ਨਾਲ ਸੰਪਰਕ ਬਣਾਉਣ ਅਤੇ ਵੋਟ ਭੁਗਤਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ।
ਅੱਜ ਸ਼ਾਮ ਦਿੱਲੀ ‘ਚ ਰੈਲੀਆਂ ਤੇ ਰੋਡ ਸ਼ੋਅ ਦਾ ਸ਼ੋਰ ਰੁਕ ਜਾਵੇਗਾ ਇਸ ਤੋਂ ਬਾਅਦ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨੂੰ ਉਨ੍ਹਾਂ ਦੇ ਪੱਖ ‘ਚ ਵੋਟ ਦੇਣ ਦੀ ਅਪੀਲ ਕਰ ਸਕਣਗੇ। ਭਾਜਪਾ ਸਮੇਤ ਆਮ ਆਦਮੀ ਪਾਰਟੀ ਅਤੇ ਕਾਂਗਰਸ ਚੋਣ ਪ੍ਰਚਾਰ ਦਾ ਆਖਰੀ ਦਾਅ ਖੇਡਣਗੇ।
ਦੱਸਿਆ ਜਾਂਦਾ ਹੈ ਕਿ ਭਾਜਪਾ ਨੇ 60 ਵੋਟਰਾਂ ਦੀ ਸੂਚੀ ਬਣਾ ਕੇ ਇਕ ਪੰਨਾ ਪ੍ਰਮੁੱਖ ਨਿਰਧਾਰਤ ਕੀਤਾ ਹੈ ਤੇ ਇਹ 60 ਵੋਟਾਂ ਭੁਗਤਾਉਣ ਦੀ ਜ਼ਿੰਮੇਵਾਰੀ ਉਸ ਨੂੰ ਸੌਾਪੀ ਗਈ ਹੈ।ਇਸ ਤਰ੍ਹਾਂ ਦਿੱਲੀ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਇਹ ਪੰਨਾ ਪ੍ਰਮੁੱਖ ਬਣਾਏ ਗਏ ਹਨ।
ਆਮ ਆਦਮੀ ਪਾਰਟੀ ਨੂੰ ਮਿਲ ਰਹੇ ਹੁੰਗਾਰੇ ਕਾਰਨ ਪਾਰਟੀ ਆਗੂਆਂ ‘ਚ ਉਮੀਦਾਂ ‘ਤੇ ਆਸ ਵਧੇਰੇ ਹੋ ਗਈ ਹੈ।ਪਾਰਟੀ ਵੱਲੋਂ ਯੂਨੀਵਰਸਿਟੀਆਂ, ਕਾਲਜਾਂ ਤੇ ਨੌਜਵਾਨਾਂ ਦੀਆਂ ਕਈ ਸੰਸਥਾਵਾਂ ‘ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ ‘ਆਪ’ ਦੇ ਆਗੂ ਵਰਕਰ ਭਾਵੇਂ ਟੋਪੀਆਂ ਪਹਿਨ ਕੇ ਥਾਂ-ਥਾਂ ਘੁੰਮਦੇ ਨਜ਼ਰ ਆਉਂਦੇ ਹਨ, ਪਰ ‘ਆਪ’ ਲੀਡਰਸ਼ਿਪ ਦਾ ਸਾਰਾ ਜ਼ੋਰ ਨੌਜਵਾਨਾਂ ਦੇ ਨਾਲ ਗਰੀਬ ਤੇ ਝੁੱਗੀ-ਝੌਾਪੜੀ ਵਾਲੀਆਂ ਵੋਟਾਂ ਠੀਕ ਤਰ੍ਹਾਂ ਭੁਗਤਾਉਣ ਉੱਪਰ ਲੱਗਾ ਹੋਇਆ ਹੈ।
ਆਮ ਆਦਮੀ ਪਾਰਟੀ ਨੇ ਹਰ ਬੂਥ ਲਈ ਕਮੇਟੀ ਬਣਾਈ ਹੈ ਤੇ ਬੂਥ ਕਮੇਟੀਆਂ ਉੱਪਰ ਨਿਗਰਾਨੀ ਲਈ ਕਮੇਟੀਆਂ ਬਣਾਈਆਂ ਗਈਆਂ ਹਨ। ਆਪ ਦੀ ਯੋਜਨਾਬੱਧ ਚੋਣ ਮੁਹਿੰਮ ਤੇ ਵੋਟ ਭੁਗਤਾਉਣ ਦੀ ਸਮਰੱਥਾ ਨੂੰ ਸਾਰੇ ਸਿਆਸੀ ਹਲਕੇ ਮੰਨਦੇ ਹਨ।
‘ਆਪ’ ਦੇ ਆਗੂ ਜੋਗਿੰਦਰ ਯਾਦਵ ਦਾ ਕਹਿਣਾ ਹੈ ਕਿ ‘ਆਪ’ ਦੇ ਵਰਕਰ ਪੂਰੀ ਚੌਕਸੀ ਨਾਲ ਅਗਲੇ ਦੋ ਦਿਨ ਕੰਮ ਕਰਨਗੇ ਤੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਣ ਦਿੱਤੀ ਜਾਵੇਗੀ