ਬਠਿੰਡਾ (24 ਜਨਵਰੀ, 2015): ਦਿੱਲੀ ਵਿੱਚ ਹੋ ਰਹੀਆਂ ਵਿਧਾਨ ਸਭਾ ਦੀ ਚੋਣਾਂ ਵਿੱਚ ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਵਿਚੋਂ ਚੁਣੇ ਗਏ ਚਾਰੇ ਸੰਸਦ ਮੈਂਬਰ ਸਾਧੂ ਸਿੰਘ, ਭਗਵੰਤ ਸਿੰਘ ਮਾਨ, ਹਰਿੰਦਰ ਸਿੰਘ ਖਾਲਸਾ, ਧਰਮਵੀਰ ਗਾਂਧੀ ਨੇ ਸਿੱਖ ਬਹੁਗਿਣਤੀ ਵਾਲੇ ਅਲੱਗ-ਅਲੱਗ ਹਲਕਿਆਂ ਵਿਚ ਕਮਾਨ ਸੰਭਾਲ ਲਈ ਹੈ। ਇਨ੍ਹਾਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਮੁਕਾਬਲੇ ਬਾਦਲ ਦਲ ਦੇ ਉਮੀਦਵਾਰ ਚੋਣ ਲੜ ਰਹੇ ਹਨ।
ਪੰਜਾਬ ਕਾਂਗਰਸ ਦੀ ਧੜੇਬੰਦੀ ਦਾ ਮਾੜਾ ਅਸਰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦਾ ਜ਼ਿਆਦਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ।
ਪੰਜਾਬ ਵਿਚ ਨਸ਼ਾ ਤਸਕਰੀ ਮਾਮਲੇ ਵਿਚ ਅਕਾਲੀ ਦਲ ਦੇ ਲੀਡਰਾਂ ‘ਤੇ ਲੱਗੇ ਸ਼ਮੂਲੀਅਤ ਦੇ ਦੋਸ਼ਾਂ ਨੂੰ ਬੜੇ ਜ਼ੋਰ-ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ।
ਪੰਜਾਬ ਵਿਚ ਚਲ ਰਿਹਾ ‘ਜੰਗਲ ਰਾਜ’ ਅਤੇ ‘ਸਿੱਖਾਂ ਦੇ ਧਾਰਮਕ ਮਾਮਲਿਆ ਵਿਚ ਬਾਦਲ ਦਲ ਦੇ ਲੀਡਰਾਂ ਦਾ ਦਖ਼ਲ’ ਵੀ ਪ੍ਰਚਾਰ ਦਾ ਮੁੱਦਾ ਬਣਿਆ ਹੋਇਆ ਹੈ। ਭਾਜਪਾ ਵਿਰੋਧੀ ਵੋਟ ਜੋ ਕਿਸੇ ਸਮੇਂ ਕਾਂਗਰਸ ਨਾਲ ਖੜੀ ਸੀ , ਕਾਂਗਰਸ ਦੀ ਮਾੜੀ ਹਾਲਤ ਵੇਖ ਕੇ ਆਮ ਆਦਮੀ ਪਾਰਟੀ ਨਾਲ ਜੁੜ ਗਈ ਹੈ।
ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੀਆਂ ਬਾਦਲ ਦਲ-ਭਾਜਪਾ ਵਿਰੋਧੀ ਗੱਲਾਂ ਸਿੱਖ ਵੋਟਰਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ। ਭਗਵੰਤ ਮਾਨ ਲੋਕਾਂ ਨੂੰ ਸੁਚੇਤ ਕਰਨ ਵਿਚ ਲੱਗੇ ਹੋਏ ਹਨ ਕਿ ਜੇ ਉਹ ਅਕਾਲੀ ਭਾਜਪਾ ਦੇ ਹੱਕ ਵਿਚ ਭੁਗਤੇ ਤਾਂ ਦਿੱਲੀ ਦੇ ਹਾਲਾਤ ਵੀ ਪੰਜਾਬ ਵਰਗੇ ਬਣ ਜਾਣਗੇ ਅਤੇ ਹੋ ਸਕਦਾ ਹੈ ਕਿ ਇਥੇ ਹਵਾ ਪਾਣੀ ‘ਤੇ ਵੀ ਟੈਕਸ ਲੱਗ ਜਾਵੇ। ਉਨ੍ਹਾਂ ਦੇ ਟੋਟਕਿਆਂ ਦਾ ਲੋਕਾਂ ਤੇ ਖਾਸਾ ਅਸਰ ਹੋਣ ਲੱਗ ਪਿਆ ਹੈ।
ਆਮ ਆਦਮੀ ਪਾਰਟੀ ਵਲੋਂ ਆਪਣੇ 49 ਦਿਨਾਂ ਦੀ ਸਰਕਾਰ ਸਮੇਂ 1984 ਦੇ ਕਤਲੇਆਮ ਸਬੰਧੀ ਐਸ ਆਈ ਟੀ ਦਾ ਗਠਨ ਵੀ ਪਾਰਟੀ ਲਈ ਫ਼ਾਇਦੇਮੰਦ ਸਾਬਤ ਹੋ ਰਿਹਾ ਹੈ।
ਦਿੱਲੀ ਵਿਚ ਲਗਭਗ 20 ਵਿਧਾਨ ਸਭਾ ਹਲਕਿਆਂ ਵਿਚ ਸਿੱਖ ਵੋਟਰ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਦੇ ਹਨ।