ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲੀਸ ਨੇ ਲੁਧਿਆਣਾ ਦੀ ਇੱਕ ਕੁੜੀ ਨੂੰ ਨਸ਼ਿਆਂ ਵਿੱਚ ਧੱਕਣ ਦੇ ਵਿਵਾਦ ਦੇ ਕੇਂਦਰ ਵਿੱਚ ਘਿਰੇ ਹੋਏ ਡੀ.ਐਸ.ਪੀ. ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਪੂਰਥਲਾ ਵਿਖੇ ਪੰਜਾਬ ਸਰਕਾਰ ਵਲੋਂ ਜਨਾਨੀਆਂ ਲਈ ਖੋਲ੍ਹੇ ਗਏ ਨਸ਼ਾ ਛਡਾਊ ਕੇਂਦਰ ਵਿਚ ਦਾਖਿਲ ਜਨਾਨੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਕਿਵੇਂ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਨਸ਼ੇ ਦੇ ਚਿੱਕੜ ਵਿਚ ਸੁੱਟਿਆ।

ਇਸ ਦੌਰਾਨ ਇਕ ਜਨਾਨੀ ਨੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਅਤੇ ਇਕ ਜਨਾਨੀ ਨੇ ਸਿਪਾਹੀ ਬਲਵਿੰਦਰ ਸਿੰਘ ਅਤੇ ਐਸ.ਐਚ.ਓ ਬਲਬੀਰ ਸਿੰਘ ਦਾ ਨਾਂ ਲਿਆ ਸੀ।
ਪੁਲੀਸ ਦੇ ਇੱਕ ਬੁਲਾਰੇ ਮੁਤਾਬਿਕ ਦੋਸ਼ਾਂ ਦੀ ਜਾਂਚ ਲਈ ਇੱਕ ਸੀਨੀਅਰ ਜਨਾਨੀ ਆਈ.ਪੀ.ਐਸ. ਅਧਿਕਾਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਇਸ ਮਾਮਲੇ ਦੀ ਢੁਕਵੀਂ ਜਾਂਚ ਯਕੀਨੀ ਬਣਾਉਣ ਅਤੇ ਦੋਸ਼ ਸਾਬਿਤ ਹੋਣ ਉੱਤੇ ਡੀ.ਐਸ.ਪੀ. ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।
ਬੁਲਾਰੇ ਅਨੁਸਾਰ ਅਨੀਤਾ ਪੁੰਜ, ਆਈ.ਪੀ.ਐਸ, ਡਾਇਰੈਕਟਰ ਪੀ.ਪੀ.ਏ. ਫਿਲੌਰ ਨੂੰ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨ ਲਈ ਕਿਹਾ ਹੈ ਅਤੇ ਇਸ ਸਬੰਧੀ ਲੇਖਾ (ਰਿਪੋਰਟ) ਇੱਕ ਹਫ਼ਤੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਲੁਧਿਆਣਾ ਦੀ ਇਸ ਕੁੜੀ ਨੇ ਡੀ.ਐਸ.ਪੀ. ਫਿਰੋਜ਼ਪੁਰ ਦਲਜੀਤ ਸਿੰਘ ਵਿਰੁੱਧ ਏ.ਡੀ.ਸੀ.ਪੀ. 3 ਲੁਧਿਆਣਾ ਕੋਲ ਦੋਸ਼ ਲਾਏ ਹਨ। ਦਲਜੀਤ ਸਿੰਘ ਦੀ ਮੁਅੱਤਲੀ ਤੋਂ ਇਲਾਵਾ ਲੁਧਿਆਣਾ ਦੇ ਸੀ.ਪੀ. ਨੇ ਸਿਫ਼ਾਰਿਸ਼ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੀਨੀਅਰ ਜਨਾਨੀ ਆਈ.ਪੀ.ਐਸ. ਅਫਸਰ ਕੋਲੋਂ ਕਰਵਾਈ ਜਾਵੇ।