ਅੰਮ੍ਰਿਤਸਰ: ਪੰਜਾਬ ਵਿਚ ਹੈਰੋਈਨ ਦੀ ਆਮਦ ਨੂੰ ਰੋਕਣ ਵਿਚ ਨਾਕਾਮਯਾਬ ਰਹੀ ਸਪੈਸ਼ਲ ਟਾਸਕ ਫੋਰਸ ਅਤੇ ਪੁਲਿਸ ਸਾਹਮਣੇ ਹੁਣ ਨਵੀਂ ਚੁਣੌਤੀ ਆ ਖੜੀ ਹੋਈ ਹੈ। ਪੰਜਾਬ ਵਿਚ “ਕਟ” ਨਾਮੀਂ ਇਕ ਨਵਾਂ ਸਿੰਥੈਟਿਕ ਨਸ਼ਾ ਵੀ ਪਹੁੰਚ ਗਿਆ ਹੈ।
ਐਸਟੀਐਫ ਅਫਸਰਾਂ ਨੇ ਦੱਸਿਆ ਕਿ “ਕਟ” ਅਤੇ ਹੈਰੋਈਨ ਨੂੰ ਮਿਲਾ ਕੇ ਕੀਤਾ ਜਾਂਦਾ ਬਹੁਤ ਖਤਰਨਾਕ ਹੈ ਅਤੇ ਪਿਛਲੇ ਦਿਨਾਂ ਦੌਰਾਨ ਅੰਮ੍ਰਿਤਸਰ ਅਤੇ ਤਰਨਤਾਰਨ ਵਿਚ ਹੋਈਆਂ ਮੌਤਾਂ ਦਾ ਸੰਭਾਵੀ ਕਾਰਨ ਵੀ ਇਹ ਨਵਾਂ ਨਸ਼ਾ ਹੀ ਹੋ ਸਕਦਾ ਹੈ।
ਇਹਨਾਂ ਮੌਤਾਂ ਦੇ ਨਾਲ, ਪੰਜਾਬ ਵਿਚ ਨਸ਼ਾ ਰੋਕਣ ਲਈ ਬਣਾਈ ਗਈ ਐਸਟੀਐਫ ਦਾ ਕੰਮ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਪੁਲਿਸ ਵਾਂਗ ਐਸਟੀਐਫ ਵੀ ਨਸ਼ੇ ਦੀਆਂ ਛੋਟੀਆਂ ਬਰਾਮਦਗੀਆਂ ਹੀ ਕਰ ਸਕੀ ਹੈ ਤੇ ਕੋਈ ਵੱਡੀ ਪ੍ਰਾਪਤੀ ਨਜ਼ਰ ਨਹੀਂ ਆਉਂਦੀ।
ਸਰਹੱਦੀ ਖੇਤਰ ਅੰਮ੍ਰਿਤਸਰ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਪੁਲਿਸ ਰਸ਼ਪਾਲ ਸਿੰਘ ਨੇ ਕਿਹਾ, “ਅਸੀਂ ਹੈਰੋਈਨ ਦੀ ਸਪਲਾਈ ਨੂੰ ਕੁਝ ਹੱਦ ਤਕ ਰੋਕਣ ਵਿਚ ਕਾਮਯਾਬ ਹੋਏ ਹਾਂ, ਪਰ ਸਮਗਲਰਾਂ ਨੇ ਹੈਰੋਈਨ ਵਿਚ “ਕਟ” ਨਾਮੀਂ ਪਦਾਰਥ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਬੀਤੇ ਦਿਨੀਂ ਹੋਈਆਂ ਮੌਤਾਂ ਦੀ ਜਾਂਚ ਕਰ ਰਹੇ ਹਾਂ। ਇਹਨਾਂ ਵਿਚ ਬਹੁਤ ਨੇੜਲਾ ਆਪਸੀ ਸਬੰਧ ਹੈ ਕਿਉਂਕਿ ਮਰਨ ਵਾਲੇ ਸਾਰੇ ਵਿਅਕਤੀਆਂ ਵਲੋਂ ਨਸ਼ਾ ਇਕ ਸਮਗਲਰ ਤੋਂ ਹੀ ਲਿਆ ਪ੍ਰਤੀਤ ਹੋ ਰਿਹਾ ਹੈ। ਇਹਨਾਂ ਕੋਲੋਂ ਪ੍ਰਾਪਤ ਹੋਏ ਨਸ਼ੀਲੇ ਪਾਊਡਰ ਨੂੰ ਜਾਂਚ ਲਈ ਭੇਜਿਆ ਗਿਆ ਹੈ। ਉਸਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।”
ਉਹਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੌਜਵਾਨਾਂ ਦੀ ਮੌਤ ਹੋਈ ਹੈ ਜਿਹਨਾਂ ਨੇ ਹੈਰੋਈਨ ਅਤੇ “ਕੱਟ” ਨੂੰ ਮਿਲਾ ਕੇ ਨਸ਼ਾ ਕੀਤਾ।
ਏਆਈਜੀ ਨੇ ਕਿਹਾ ਕਿ ਸਪੈਸ਼ਲ ਟਾਸਕ ਫੋਰਸ ਕੋਲ ਨਸ਼ੇ ਨੂੰ ਰੋਕਣ ਲਈ ਨਾ ਹੀ ਪੂਰੇ ਵਸੀਲੇ ਹਨ ਤੇ ਨਾ ਹੀ ਮੁਲਾਜ਼ਮ। ਉਹਨਾਂ ਦਾਅਵਾ ਕੀਤਾ ਕਿ ਇਸ ਦੇ ਬਾਵਜੂਦ ਵੀ ਬਹੁਤ ਥੋੜ੍ਹੇ ਸਮੇਂ ਵਿਚ ਐਸਟੀਐਫ ਨੇ ਹੈਰੋਈਨ ਦੀ ਸਪਲਾਈ ਨੂੰ ਠੱਲ ਪਾਈ ਹੈ।