ਏਡਮੋਨਟੋਨ, ਕੈਨਡਾ: ਕੈਨੇਡਾ ਦੇ ਸ਼ਹਿਰ ਏਡਮੋਨਟੋਨ ਵਿਚ ਸਿੱਖ ਲਿਬਰੇਸ਼ਨ ਫਰੰਟ ਦੇ ਸੇਵਾਦਾਰਾਂ ਦੇ 23 ਜੂਨ, 2018 ਨੂੰ ਹੋਈ ਇਕੱਤਰਤਾ ਵਿਚ ਭਾਰਤ ਦੇ ਕਬਜੇ ਹੇਠਲੇ ਪੰਜਾਬ ਵਿਚ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਬਾਰੇ ਵਿਸ਼ੇ ‘ਤੇ ਲੇਖਾ (ਰਿਪੋਰਟ) ਜਾਰੀ ਕੀਤਾ ਗਿਆ।

ਸਿੱਖ ਲਿਬਰੇਸ਼ਨ ਫਰੰਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਲੇਖਾ ਸਿੱਖ ਵਿਰੋਧ ਨੂੰ ਅਪਰਾਧਿਕ ਦਿੱਖ ਦੇਣ ਅਤੇ ਸਿੱਖ ਪ੍ਰਭੂਸੱਤਾ ਦੇ ਸੰਕਲਪ ਨੂੰ ਲੋਕ ਚਰਚਾ ਵਿਚੋਂ ਖਤਮ ਕਰਨ ਦੀਆਂ ਭਾਰਤੀ ਕੋਸ਼ਿਸ਼ਾਂ ਦੇ ਜਵਾਬ ਵਿਚ ਜਾਰੀ ਕੀਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ, “ਇਹ ਲੇਖਾ ਇਸ ਗੱਲ ‘ਤੇ ਚਾਨਣਾ ਪਾਉਂਦਾ ਹੈ ਕਿ 1984-1995 ਤਕ ਹੋਏ ਸਿੱਖ ਕਤਲੇਆਮ ਤੋਂ ਬਾਅਦ, ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਲਈ ਭਾਰਤ ਸਰਕਾਰ ਨੇ ਕਿਵੇਂ ਆਪਣੀ ਨਿਆਇਕ ਅਤੇ ਸੁਰੱਖਿਆ ਪ੍ਰਣਾਲੀ ਰਾਹੀਂ ਸਿੱਖਾਂ ਦੇ ਰਾਜਨੀਤਕ ਵਿਰੋਧ ਅਤੇ ਭਾਵਨਾਵਾਂ ਦਾ ਅਪਰਾਧਿਕਰਨ ਕੀਤਾ। ਲੇਖੇ ਦੇ ਘਾੜਿਆਂ ਨੇ ਕਿਹਾ ਕਿ ਹਥਿਆਰਬੰਦ ਬਗਾਵਤ ਵਿਚ ਕਮੀ ਆਉਣ ਨਾਲ ਜ਼ਬਰਨ ਬਹਾਲ ਕੀਤੀ ਗਈ ਸ਼ਾਂਤੀ ਕਿਸੇ ਰਾਜਨੀਤਕ ਸਮਝੌਤੇ ਰਾਹੀਂ ਬਹਾਲ ਨਹੀਂ ਹੋਈ ਬਲਕਿ ਭਾਰਤੀ ਰਾਜ ਵਲੋਂ ਕੀਤੀ ਗਈ ਅਣਮਨੁੱਖੀ ਹਿੰਸਾ ਦਾ ਨਤੀਜਾ ਹੈ।
ਖੋਜ ਦੇ ਅਧਾਰ ‘ਤੇ ਲੇਖੇ ਵਿਚ ਦੱਸਿਆ ਗਿਆ ਹੈ ਕਿ 16 ਅਪ੍ਰੈਲ 2017 ਤੋਂ 1 ਦਸੰਬਰ 2017 ਦੇ ਵਕਫੇ ਦਰਮਿਆਨ ਭਾਰਤੀ ਰਾਜ ਨੇ ਘੱਟੋ-ਘੱਟ 52 ਸਿੱਖ ਨੌਜਵਾਨਾਂ ਨੂੰ ਦੇਸ਼-ਧ੍ਰੋਹ ਅਤੇ ਅੱਤਵਾਦੀ ਕਾਰਵਾਈਆਂ ਵਰਗੇ ਦੋਸ਼ ਲਾ ਕੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਅਤੇ ਭਾਰਤੀ ਪੈਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਹੈ।
ਜਾਰੀ ਬਿਆਨ ਵਿਚ ਕਿਹਾ ਗਿਆ ਕਿ, “ਗ੍ਰਿਫਤਾਰ ਕੀਤੇ ਗਏ ਜ਼ਿਆਦਾ ਤਰ ਸਿੱਖ ਨੌਜਵਾਨ ਹਨ ਜੋ ਲੋਕਤੰਤਰਿਕ ਢੰਗ ਨਾਲ ਆਪਣੀ ਕੌਮ ਦੇ ਅਜ਼ਾਦ ਰਾਜ ਖ਼ਾਲਿਸਤਾਨ ਲਈ ਪ੍ਰਚਾਰ ਕਰਦੇ ਹਨ। ਇਹਨਾਂ ਵਿਚੋਂ ਜ਼ਿਆਦਾ ਤਰ ਉਹ ਨੌਜਵਾਨ ਹਨ ਜੋ ਸੋਸ਼ਲ ਮੀਡੀਆ ਉੱਤੇ ਸਿੱਖ ਪ੍ਰਭੂਸੱਤਾ ਬਾਰੇ ਵਿਚਾਰਾਂ ਕਰਦੇ ਸਨ।
ਸਿੱਖ ਲਿਬਰੇਸ਼ਨ ਫਰੰਟ ਨੇ ਕਿਹਾ ਕਿ ਭਾਰਤੀ ਤਸ਼ੱਦਦ ਦੇ ਬਾਵਜੂਦ ਪਿਛਲੇ 5 ਸਾਲਾਂ ਵਿਚ ਸਿੱਖ ਨੌਜਵਾਨਾਂ ਵਿਚ ਆਪਣੀ ਅਜ਼ਾਦੀ ਪ੍ਰਤੀ ਚੇਤਨਾ ਵਧੀ ਹੈ ਤੇ ਸਿੱਖ ਨੌਜਵਾਨ ਆਪਣੇ ਅਜ਼ਾਦ ਰਾਜ ਦਾ ਦਾਅਵਾ ਕਰ ਰਹੇ ਹਨ।
ਜ਼ਰੂਰੀ ਜਾਣਕਾਰੀ: ਸਿੱਖ ਨੌਜਵਾਨ ਇਹ ਲੇਖਾ info@nsyf.org.uk ‘ਤੇ ਈ-ਮੇਲ ਕਰਕੇ ਹਾਸਿਲ ਕਰ ਸਕਦੇ ਹਨ। ਇਸ ਲੇਖੇ ਦਾ ਗੁਰਮੁਖੀ ਭਾਗ ਵੀ ਛੇਤੀ ਜਾਰੀ ਕਰ ਦਿੱਤਾ ਜਾਵੇਗਾ।