ਲਾਹੌਰ : ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 79 ਸਾਲਾਂ ਬਾਅਦ ਮੁੜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। 1947 ਦੀ ਦੇਸ਼ ਵੰਡ ਤੋਂ ਬਾਅਦ ਇਹ ਗੁਰਦੁਆਰਾ ਬੰਦ ਪਿਆ ਸੀ। ਲੰਘੇ ਐਤਵਾਰ ਨੂੰ ਗੁਰਦੁਆਰਾ ਖੋਲ੍ਹਣ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿੱਖ ਸੰਗਤਾਂ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

ਲਾਹੌਰ ਦੇ ਟੈਂਪਲ ਰੋਡ ਵਿਖੇ ਸਥਿਤ ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਲਾਹੌਰ ਫੇਰੀ ਦੀ ਯਾਦ ਨਾਲ ਸਬੰਧਤ ਹੈ। ਗੁਰਦੁਆਰੇ ਦੀ ਮੁੜ ਸ਼ੁਰੂਆਤ ਮੌਕੇ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਔਕਾਫ ਟਰੱਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਨਾਸਿਰ ਮੁਸ਼ਤਾਕ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਇਮਾਰਤ ਦੀ ਬਹਾਲੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਸਿੱਖ ਸੰਗਤਾਂ ਇੱਥੇ ਨਤਮਸਤਕ ਹੋ ਸਕਣਗੀਆਂ। ਉਨ੍ਹਾਂ ਮੁਤਾਬਕ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਵਿਰਾਸਤ ਦੀ ਸਾਂਭ-ਸੰਭਾਲ ਲਈ 50 ਤੋਂ ਵੱਧ ਗੁਰਦੁਆਰਿਆਂ ਦੀ ਮੁਰੰਮਤ ਅਤੇ ਨਵੀਨੀਕਰਨ ਦੇ ਕਾਰਜ ਕੀਤੇ ਜਾ ਰਹੇ ਹਨ।
ਇਤਿਹਾਸਕ ਹਵਾਲਿਆਂ ਮੁਤਾਬਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਥਾਨਕ ਸਿੱਖ ਸੰਗਤ ਦੇ ਸੱਦੇ ’ਤੇ ਲਾਹੌਰ ਪਹੁੰਚੇ ਸਨ ਅਤੇ ਭਾਈ ਜੀਵਨ ਦੇ ਘਰ ਤਿੰਨ ਦਿਨ ਠਹਿਰੇ ਸਨ। ਗੁਰੂ ਸਾਹਿਬ ਦੀ ਇਸ ਫੇਰੀ ਦੀ ਯਾਦ ਵਿੱਚ ਭਾਈ ਜੀਵਨ ਜੀ ਨੇ ਆਪਣੇ ਘਰ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦੇ ਦਿੱਤਾ ਸੀ।
ਇਸ ਅਸਥਾਨ ਦਾ ਸਬੰਧ ਭਾਈ ਬਿਧੀ ਚੰਦ ਜੀ ਨਾਲ ਵੀ ਜੁੜਦਾ ਹੈ। ਇਤਿਹਾਸਕ ਬਿਰਤਾਂਤ ਅਨੁਸਾਰ ਭਾਈ ਬਿਧੀ ਚੰਦ ਜੀ ਗੁਰੂ ਸਾਹਿਬ ਲਈ ਸੰਗਤ ਵੱਲੋਂ ਭੇਟ ਕੀਤੇ ਗਏ ਘੋੜਿਆਂ ਨੂੰ ਮੁਗਲ ਹਕੂਮਤ ਵੱਲੋਂ ਜ਼ਬਤ ਕੀਤੇ ਜਾਣ ਮਗਰੋਂ ਵਾਪਸ ਲਿਆਉਣ ਲਈ ਲਾਹੌਰ ਆਏ ਸਨ। ਆਪਣੀਆਂ ਇਨ੍ਹਾਂ ਫੇਰੀਆਂ ਦੌਰਾਨ ਉਹ ਵੀ ਇਸੇ ਅਸਥਾਨ ’ਤੇ ਠਹਿਰੇ ਸਨ।