ਚੰਡੀਗੜ੍ਹ/ ਅੰਮ੍ਰਿਤਸਰ: ਜੂਨ 1984 ‘ਚ ਭਾਰਤ ਦੀ ਫੌਜ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਸਮੇਂ ਸ਼ਹੀਦ ਹੋਏ ਸਿੱਖਾਂ ਦੀ ਯਾਦ ‘ਚ ਬਣਨ ਵਾਲੀ ਸ਼ਹੀਦੀ ਗੈਲਰੀ ਦੀ ‘ਕਾਰ ਸੇਵਾ’ 7 ਜੁਲਾਈ ਨੂੰ ਆਰੰਭ ਹੋ ਗਈ। ਸ਼ਹੀਦ ਗੈਲਰੀ ਦੀ ਕਾਰ ਸੇਵਾ ਦਮਦਮੀ ਟਕਸਾਲ (ਮਹਿਤਾ) ਵਲੋਂ ਕੀਤੀ ਜਾ ਰਹੀ ਹੈ। ਸ਼ਹੀਦ ਗੈਲਰੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਬੈਸਮੈਂਟ ‘ਚ ਬਣਾਈ ਜਾ ਰਹੀ ਹੈ, ਗੁਰਦੁਆਰਾ ਯਾਦਗਾਰ ਸ਼ਹੀਦਾਂ ਭਾਰਤੀ ਫੌਜ ਵਲੋਂ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਸਮੇਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਦੀ ਯਾਦ ‘ਚ ਬਣਿਆ ਹੈ।
ਸ਼ਹੀਦ ਗੈਲਰੀ ਦਾ ਨੀਂਹ ਪੱਥਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਸ਼੍ਰੋਮਣੀ ਕਮੇਟੀ ਦੀ ਹਮਾਇਤ ਪ੍ਰਾਪਤ ਜਥੇਦਾਰ ਗਿਆਨੀ ਗੁਰਬਚਨ ਸਿੰਘ, ਐਡਿਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਲੋਂ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ‘ਚ ਰੱਖਿਆ ਗਿਆ।
ਇਸ ਮੌਕੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ। ਪਹਿਲਾ ਅਖੰਡ ਪਾਠ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ‘ਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਜੂਨ 1984 ‘ਚ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਏ ਹਰ ਸਿੱਖ ਦੀ ਯਾਦ ‘ਚ ਅਖੰਡ ਪਾਠ ਸਾਹਿਬ ਕੀਤਾ ਜਾਏਗਾ।
ਇਸ ਮੌਕੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਭਾਰਤੀ ਫੌਜ ਦੇ ਹਮਲੇ ਸਮੇਂ ਸ਼ਹੀਦ ਹੋਏ ਹਰ ਸਿੱਖ ਦੀ ਤਸਵੀਰ ਸ਼ਹੀਦ ਗੈਲਰੀ ਵਿਚ ਲਾਈ ਜਾਏਗੀ ਇਸਤੋਂ ਅਲਾਵਾ ਉਸ ਮੌਕੇ ਦਰਸ਼ਨਾਂ ਲਈ ਆਈਆਂ ਸੰਗਤਾਂ ਵਿਚੋਂ ਵੀ ਜਿਹੜੇ ਭਾਰਤੀ ਫੌਜ ਦੀ ਗੋਲੀਆਂ ਦਾ ਸ਼ਿਕਾਰ ਬਣੇ ਉਨ੍ਹਾਂ ਦੀ ਤਸਵੀਰ ਵੀ ਸ਼ਹੀਦ ਗੈਲਰੀ ‘ਚ ਲਾਈ ਜਾਵੇਗੀ।