ਜੈਪੁਰ: ਐਸ.ਸੀ/ਐਸ.ਟੀ ਐਕਟ ਵਿਚ ਤਰਮੀਮਾਂ ਦੇ ਫੈਂਸਲੇ ਦੇ ਵਿਰੋਧ ਵਿਚ ਬੀਤੇ ਕੱਲ੍ਹ ਹੋਏ ਭਾਰਤ ਬੰਦ ਤੋਂ ਇਕ ਦਿਨ ਬਾਅਦ ਅੱਜ ਰਾਜਸਥਾਨ ਵਿਚ ਕਈ ਥਾਵਾਂ ‘ਤੇ ਅਖੌਤੀ ਉੱਚ ਜਾਤੀਆਂ ਵਲੋਂ ਬੰਦ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਕਰੌਲੀ ਜ਼ਿਲ੍ਹੇ ਦੇ ਹਿੰਦਾਊਂ ਇਲਾਕੇ ਵਿਚ ਮੋਜੂਦਾ ਵਿਧਾਇਕ ਅਤੇ ਇਕ ਸਾਬਕਾ ਵਿਧਾਇਕ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ। ਇਹ ਦੋਵੇਂ ਵਿਧਾਇਕ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।
ਪੀਟੀਆਈ ਨਾਲ ਗੱਲ ਕਰਦਿਆਂ ਕਰੌਲੀ ਜ਼ਿਲ੍ਹੇ ਦੇ ਕਲੈਕਟਰ ਅਭਿਮਨਿਊ ਕੁਮਾਰ ਨੇ ਕਿਹਾ ਕਿ ਮੋਜੂਦਾ ਵਿਧਾਇਕ ਰਾਜਕੁਮਾਰੀ ਜਾਤਵ (ਭਾਜਪਾ) ਅਤੇ ਸਾਬਕਾ ਵਿਧਾਇਕ ਭਰੋਸੀਲਾਲ ਜਾਤਵ (ਕਾਂਗਰਸ) ਦੇ ਘਰਾਂ ਨੂੰ 5000 ਦੇ ਕਰੀਬ ਲੋਕਾਂ ਦੀ ਭੀੜ ਨੇ ਅੱਗ ਲਾ ਦਿੱਤੀ।
ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ ਹੈ।
ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕਾਂ ਦੇ ਘਰਾਂ ਨੂੰ ਅੱਗ ਲਾਉਣ ਤੋਂ ਪਹਿਲਾਂ ਭੀੜ ਵਲੋਂ ਪੱਥਰਬਾਜ਼ੀ ਕੀਤੀ ਗਈ ਅਤੇ ਕਈ ਥਾਵਾਂ ‘ਤੇ ਅੱਗ ਵੀ ਲਾਈ ਗਈ। ਭੀੜ ਨੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਰਿਹਾਇਸ਼ੀ ਖੇਤਰ ਵਿਚ ਵੜ੍ਹਨ ਦੀ ਵੀ ਕੋਸ਼ਿਸ਼ ਕੀਤੀ।
ਇਸ ਦੌਰਾਨ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ 40 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।