ਮੋਗਾ: ਥਾਣਾ ਅਜੀਤਵਾਲ ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਗੈਂਗਸਟਰ ਗਰੋਹ ਨੂੰ ਪਨਾਹ ਦੇਣ ਅਤੇ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਪਰਵਾਸੀ ਪੰਜਾਬੀ ਸਮੇਤ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਕੇਸ ਦੀ ਤਫ਼ਤੀਸ਼ ਕਰ ਰਹੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਪਟਿਆਲਾ ਦਾ ਪੱਤਰ ਪ੍ਰਾਪਤ ਹੋਣ ’ਤੇ ਕੁਲਤਾਰ ਸਿੰਘ ਉਰਫ਼ ਗੋਲਡੀ ਪੁੱਤਰ ਲਖਵੰਤ ਸਿੰਘ ਵਾਸੀ ਢੁਡੀਕੇ ਅਤੇ ਗੁਰਵਿੰਦਰ ਸਿੰਘ ਉਰਫ਼ ਗੋਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਖ਼ਿਲਾਫ਼ ਧਾਰਾ 130/212/216 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ’ਤੇ ਨਾਭਾ ਜੇਲ੍ਹ ਬ੍ਰੇਕ ਕੇਸ ਦੇ ਗੁਰਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਘਰ ਵਿੱਚ ਪਨਾਹ ਦੇਣ ਅਤੇ ਅਸਲਾ ਖ਼ਰੀਦਣ ਲਈ ਮਾਲੀ ਮਦਦ ਕਰਨ ਦਾ ਦੋਸ਼ ਹੈ।

ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਪੰਜਾਬ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਕੋਲੋਂ ਹਥਿਆਰ ਸਪਲਾਈ ਕਰਵਾਉਣ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਹੈ। ਗੰਨ ਹਾਉਸ ਦੇ ਮਾਲਕ ਕਿਰਨਪਾਲ ਸਿੰਘ ਨੂੰ ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ 12 ਫਰਵਰੀ ਨੂੰ ਪਿੰਡ ਢੁੱਡੀਕੇ ਵਿੱਚ ਪਰਵਾਸੀ ਪੰਜਾਬੀ ਕੁਲਤਾਰ ਸਿੰਘ ਉਰਫ਼ ਗੋਲਡੀ ਦੀ ਕੋਠੀ ਵਿੱਚੋਂ ਸੁੱਖਾ ਕਾਹਲਵਾਂ ਕਤਲ ਕੇਸ ਅਤੇ ਨਾਭਾ ਜੇਲ੍ਹ ਬਰੇਕ ਕੇਸ ’ਚ ਲੋੜੀਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ਼ ਸੁਲਤਾਨ ਪਿੰਡ ਮੰਗੇਵਾਲਾ ਤੇ ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਮੋਗਾ ਅਤੇ ਪਟਿਆਲਾ ਪੁਲਿਸ ਨੇ ਸਾਂਝੇ ਅਪਰੇਸ਼ਨ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਸਬੰਧਤ ਖ਼ਬਰ:
ਨਾਭਾ ਜੇਲ੍ਹ ਬ੍ਰੇਕ ਕੇਸ: ਗੁਰਪ੍ਰੀਤ ਸੇਖੋਂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ; ਹਥਿਆਰ ਬਰਾਮਦ …