ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.), ਜਿਹੜੀ 58 ਮਾਮਲਿਆਂ ਦੀ ਮੁੜ ਤੋਂ ਜਾਂਚ ਕਰ ਰਹੀ ਹੈ ਨੇ ਆਪਣੀ ਜਾਂਚ ਬਾਰੇ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਆਰ ਬਨੂਮਤੀ ‘ਤੇ ਆਧਾਰਤ ਬੈਂਚ ਜਿਸ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪਿਛਲੇ ਮਹੀਨੇ ਰਿਪੋਰਟ ਦੇਣ ਲਈ ਕਿਹਾ ਸੀ ਨੂੰ ਤਿੰਨ ਮੈਂਬਰੀ ਟੀਮ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਕੀਤੀ ਜਾਂਚ ਦੇ ਵੇਰਵਿਆਂ ਵਾਲੀ ਰਿਪੋਰਟ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੂੰ ਸੌਂਪੀ ਗਈ ਸੀ। ਰਿਪੋਰਟ ਦੇ ਵੇਰਵਿਆਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ।

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਵਿਸ਼ੇਸ਼ ਜਾਂਚ ਟੀਮ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਹੁਤੇ ਮਾਮਲਿਆਂ ਵਿਚ ਜਾਂਚ ਲੱਗਭੱਗ ਮੁਕੰਮਲ ਹੋ ਗਈ ਹੈ। ਦਿੱਲੀ ਵਿਚ ਸਿੱਖ ਕਤਲੇਆਮ ਦੇ ਮਾਮਲਿਆਂ ਵਿਚ ਲੱਗਭੱਗ 650 ਮਾਮਲੇ ਦਰਜ ਕੀਤੇ ਗਏ ਸਨ। ਭਾਰਤ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਨਵੰਬਰ 1984 ਦੇ ਕਤਲੇਆਮ ਵਿਚ 3325 ਸਿੱਖਾਂ ਦੀ ਕਤਲ ਕਰ ਦਿੱਤਾ ਗਿਆ ਸੀ ਜਦਕਿ ਗ਼ੈਰ ਸਰਕਾਰੀ ਤੌਰ ‘ਤੇ ਇਸਦੀ ਗਿਣਤੀ 10 ਹਜ਼ਾਰ ਤਕ ਮੰਨੀ ਜਾਂਦੀ ਹੈ। ਦਿੱਲੀ ਤੋਂ ਅਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦੂਸਰੇ ਰਾਜਾਂ ਵਿਚ ਵੀ ਸਿੱਖਾਂ ਦੇ ਕਤਲ ਹੋਏ ਸਨ। ਦਿੱਲੀ ਪੁਲਿਸ ਨੇ ਸਬੂਤਾਂ ਦੀ ਘਾਟ ਕਾਰਨ 241 ਮਾਮਲਿਆਂ ਨੂੰ ਬੰਦ ਕਰ ਦਿੱਤਾ ਸੀ ਜਦਕਿ ਨਾਨਾਵਤੀ ਕਮਿਸ਼ਨ ਨੇ ਉਨ੍ਹਾਂ ‘ਚੋਂ ਕੇਵਲ ਚਾਰ ਮਾਮਲੇ ਖੋਲ੍ਹਣ ਦੀ ਸਿਫਾਰਸ਼ ਕੀਤੀ ਸੀ।

ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਵਿਚ ਆਈ. ਜੀ. ਰੈਂਕ ਦੇ ਦੋ ਆਈ. ਪੀ. ਐਸ. ਅਧਿਕਾਰੀ ਅਤੇ ਇਕ ਨਿਆਂਇਕ ਅਧਿਕਾਰੀ ਸ਼ਾਮਿਲ ਹਨ। ਵਿਸ਼ੇਸ਼ ਜਾਂਚ ਟੀਮ ਨੇ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਤੋਂ ਤਿੰਨ ਵਾਰ ਸਵਾਲ ਪੁੱਛੇ ਹਨ ਅਤੇ ਉਨ੍ਹਾਂ ਤੋਂ ਇਨ੍ਹਾਂ ਦੋਸ਼ਾਂ ਬਾਰੇ ਵੀ ਸਵਾਲ ਕੀਤੇ ਗਏ ਕਿ ਉਸ ਨੇ ਇਕ ਨਵੰਬਰ 1984 ਨੂੰ ਜਨਕਪੁਰੀ ਵਿਚ ਭੀੜ ਦੀ ਅਗਵਾਈ ਕੀਤੀ ਸੀ ਜਿਸ ਨੇ ਦੋ ਸਿੱਖਾਂ ਸੋਹਣ ਸਿੰਘ ਤੇ ਉਸ ਦੇ ਦਾਮਾਦ ਅਵਤਾਰ ਸਿੰਘ ਨੂੰ ਕਤਲ ਕਰ ਦਿੱਤਾ ਸੀ। ਇਸ ਵਿਸ਼ੇਸ਼ ਮਾਮਲੇ ਨੂੰ ਸੀ. ਬੀ. ਆਈ. ਨੇ ਸੱਜਣ ਕੁਮਾਰ ਖਿਲਾਫ ਸਬੂਤਾਂ ਦੀ ਘਾਟ ਦਾ ਹਵਾਲਾ ਦੇ ਕੇ ਬੰਦ ਕਰ ਦਿੱਤਾ ਸੀ। ਸੱਜਣ ਕੁਮਾਰ ਤੋਂ ਇਲਾਵਾ ਜਾਂਚ ਟੀਮ ਨੇ ਕੁਝ ਦਿੱਲੀ ਪੁਲਿਸ ਦੇ ਅਧਿਕਾਰੀਆਂ ਜਿਨ੍ਹਾਂ ਨੇ ਪਹਿਲਾਂ ਜਾਂਚ ਕੀਤੀ ਸੀ ਸਮੇਤ ਕਈ ਹੋਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 32 ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀ ਹਾਲੇ ਵੀ ਅਜ਼ਾਦ ਘੁੰਮ ਰਹੇ ਹਨ ਅਤੇ ਸੱਤਾ ਦਾ ਸੁਖ ਮਾਣ ਰਹੇ ਹਨ।