ਚੰਡੀਗੜ੍ਹ (12 ਜੁਲਾਈ, 2015): ਭਾਜਪਾ ਦੀ ਕੇਂਦਰੀ ਹਾਈਕਮਾਂਡ ਪੰਜਾਬ ਵਿੱਚ ਪਾਰਟੀ ਦੀ ਵਾਗਡੋਰ ਸਾਬਕਾ ਕ੍ਰਿਕਟ ਖਿਡਾਰੀ ਅਤੇ ਸਾਬਕਾ ਐੱਮਪੀ ਨਵਜੋਤ ਸਿੱਧੂ ਨੂੰ ਸੌਂਪਣ ਦਾ ਮਨ ਬਣਾ ਰਹੀ ਹੈ।ਪੰਜਾਬ ਇੱਕ ਸਿੱਖ ਬਹੁਗਿਣਤੀ ਵਾਲਾ ਸੂਬਾ ਹੋਣ ਕਰਕੇ ਭਜਾਪ ਇੱਥੋਂ ਕਿਸੇ ਸਿੱਖ ਚਿਹਰੇ ਵਾਲੇ ਵਿਅਕਤੀ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਤਾਂ ਕਿ ਸਿੱਖ ਵੋਟਰਾਂ ਵਿੱਚ ਭਾਜਪਾ ਦਾ ਆਧਾਰ ਬਣਾਇਆ ਜਾ ਸਕੇ।

ਲੋਕ ਸਭਾ ਚੋਣਾਂ ‘ਚ ਸਿੱਧੂ ਨੂੰ ਭਾਜਪਾ ਨੇ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ ਸੀ ਅਤੇ ਉਹ ਉਸ ਸਮੇਂ ਤੋਂ ਹੀ ਸਰਗਰਮ ਰਾਜਨੀਤੀ ਤੋਂ ਦੂਰ ਚੱਲ ਰਹੇ ਹਨ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਚੰਡੀਗੜ੍ਹ ਤੋਂ ਨਸ਼ਰ ਖ਼ਬਰ ਅਨੁਸਾਰ ਪਾਰਟੀ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਪੰਜਾਬ ‘ਚ ਪੇਂਡੂ ਇਲਾਕਿਆਂ ‘ਚ ਵੋਟਰਾਂ ਨਾਲ ਸੰਪਰਕ ਅਭਿਆਨ ਸ਼ੁਰੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਪਹਿਲਾਂ ਤੋਂ ਬਿਨਾਂ ਨਿਰਧਾਰਤ ਕੀਤੇ ਪ੍ਰੋਗਰਾਮ ਅਨੁਸਾਰ ਚਲਾਇਆ ਜਾਵੇਗਾ ਤੇ ਇਸ ਤਹਿਤ ਸਿੱਧੂ ਕਰੀਬ 6 ਮਹੀਨਿਆਂ ਤੱਕ ਰਾਜ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰਨਗੇ।
ਮੁਹਿੰਮ ‘ਚ ਆਰ. ਐਸ. ਐਸ. ਦੇ ਵਲੰਟੀਅਰ ਵੀ ਸ਼ਾਮਿਲ ਹੋਣਗੇ ਅਤੇ ਇਸ ਦੇ ਖਤਮ ਹੋਣ ਦੇ ਬਾਅਦ ਆਪਣੀ ਰਿਪੋਰਟ ਭਾਜਪਾ ਹਾਈ ਕਮਾਨ ਨੂੰ ਭੇਜਣਗੇ। ਜੇਕਰ ਜਨ ਸੰਪਰਕ ਅਭਿਆਨ ਦਾ ਨਤੀਜਾ ਚੰਗਾ ਰਿਹਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਪੂਰੀ ਜ਼ਿੰਮੇਵਾਰੀ ਸਿੱਧੂ ਨੂੰ ਦਿੱਤੀ ਜਾ ਸਕਦੀ ਹੈ। ਸੂਤਰਾਂ ਅਨੁਸਾਰ ਅਗਲੇ ਸਾਲ ਜਨਵਰੀ ‘ਚ ਪ੍ਰਦੇਸ਼ ਭਾਜਪਾ ਪ੍ਰਧਾਨ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ, ਇਹ ਅਹੁਦਾ ਹੁਣ ਪਾਰਟੀ ਹਾਈ ਕਮਾਨ ਕਿਸੇ ਨਵੇਂ ਚਿਹਰੇ ਨੂੰ ਦੇਣਾ ਚਾਹੁੰਦਾ ਹੈ।
ਆਰ. ਐਸ. ਐਸ. ਦਾ ਮੰਨਣਾ ਹੈ ਕਿ ਸਿੱਧੂ ਭਲੇ ਹੀ ਸਿੱਖ ਹਨ ਪਰ ਹਿੰਦੂ ਮਾਨਤਾਵਾਂ ਨੂੰ ਵੀ ਅਪਣਾਉਂਦੇ ਹਨ। ਆਰ. ਐਸ. ਐਸ. ਦਾ ਇਹ ਵੀ ਅਨੁਮਾਨ ਹੈ ਕਿ ਸਿੱਧੂ 2017 ‘ਚ ਰਾਜ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਜਿੱਤ ਦਿਵਾ ਸਕਦੇ ਹਨ।