ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਗੀ ਪੁਲਿਸ ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ’ਚ ਭਾਰੀ ਰੋਹ ਅਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ’ਤੇ ਸਖ਼ਤ ਪ੍ਰਤੀਕਰਮ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਅਨੇਕਾਂ ਸੰਗਤਾਂ ਲੰਗਰਾਂ ਲਈ ਰਸਦਾਂ ਭੇਟ ਕਰਦੀਆਂ ਹਨ ਪਰ ਕਿਸੇ ਨੂੰ ਇਸ ਤਰ੍ਹਾਂ ਵਿਸ਼ੇਸ਼ ਸਨਮਾਨ ਨਹੀਂ ਦਿੱਤਾ ਜਾਂਦਾ ਪਰ ਸਿੱਖ ਨੌਜਵਾਨੀ ਦੇ ਕਾਤਲ ਬੁੱਚੜ ਪੁਲਿਸ ਅਫ਼ਸਰ ਉਮਰਾਨੰਗਲ ਦਾ ਸਨਮਾਨ ਕਰਕੇ ਸ਼੍ਰੋਮਣੀ ਕਮੇਟੀ ਨੇ ਇੱਕ ਹੋਰ ਸ਼ਰਮਨਾਕ ਕਾਰਾ ਕਰਕੇ ਇਤਿਹਾਸ ਦੇ ਕਾਲ਼ੇ ਪੰਨਿਆਂ ’ਤੇ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਉਹਨਾਂ ਕਿਹਾ ਕਿ ਕਿਸੇ ਨੂੰ ਭੁੱਲਿਆ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਉੱਤੇ ਕੰਟਰੋਲ ਕਿਸ ਦਾ ਹੈ। ਉਹਨਾਂ ਕਿਹਾ ਕਿ ਸੁਮੇਧ ਸੈਣੀ ਵਾਂਗ ਆਈ.ਜੀ. ਉਮਰਾਨੰਗਲ ਵੀ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਚਹੇਤਾ ਹੈ ਤੇ ਬਾਦਲਾਂ ਦੇ ਹੁਕਮ ਤੋਂ ਬਗੈਰ ਸ਼੍ਰੋਮਣੀ ਕਮੇਟੀ ’ਚ ਪੱਤਾ ਵੀ ਨਹੀਂ ਹਿੱਲ ਸਕਦਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਸੋਂ ਉਮਰਾਨੰਗਲ ਨੂੰ ਸਨਮਾਨਿਤ ਕਰਵਾ ਕੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਘੋਰ ਅਪਰਾਧ ਕਰਦਿਆਂ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ ਹੈ। ਉਹਨਾਂ ਕਿਹਾ ਕਿ ਬਾਦਲ ਦਲ, ਸ਼੍ਰੋਮਣੀ ਕਮੇਟੀ ਅਤੇ ਉਮਰਾਨੰਗਲ ਦਾ ਗੁਨਾਹ ਹਰਗਿਜ਼ ਬਖਸ਼ਣਯੋਗ ਨਹੀਂ ਹੈ।
ਭਾਈ ਗੋਪਾਲਾ ਨੇ ਕਿਹਾ ਕਿ ਉਮਰਾਨੰਗਲ ਦੇ ਪਿਓ ਅਤੇ ਦਾਦੇ ਨੇ ਵੀ ਸਿੱਖੀ ਅਤੇ ਸਿੱਖਾਂ ਨਾਲ ਵੈਰ ਕਮਾ ਕੇ ਗ਼ੱਦਾਰੀ ਕੀਤੀ ਸੀ ਤੇ ਇਹ ਪਰਿਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਸਿੱਖ ਸੰਘਰਸ਼ ਦਾ ਘੋਰ-ਵਿਰੋਧੀ ਰਿਹਾ ਹੈ। ਉਹਨਾਂ ਕਿਹਾ ਕਿ ਹਥਿਆਰਬੰਦ ਸਿੱਖ ਸੰਘਰਸ਼ ਦੌਰਾਨ ਉਮਰਾਨੰਗਲ ਨੇ ਖ਼ੁਦ ਦਮਦਮੀ ਟਕਸਾਲ ਦੇ ਜੁਝਾਰੂ ਬਾਬਾ ਗੁਰਨਾਮ ਸਿੰਘ ਬੰਡਾਲਾ ਦੀ ਥਾਂ ਗੁਰਦਾਸਪੁਰ ਦੇ ਨਿਰਦੋਸ਼ੇ ਨੌਜਵਾਨ ਸੁਖਪਾਲ ਸਿੰਘ ਨੂੰ ਝੂਠੇ ਪੁਲੀਸ ਮੁਕਾਬਲੇ ’ਚ ਸ਼ਹੀਦ ਕਰਕੇ ਸਰਕਾਰ ਪਾਸੋਂ ਚੋਖਾ ਇਨਾਮ ਪ੍ਰਾਪਤ ਕੀਤਾ ਸੀ। ਉਹਨਾਂ ਕਿਹਾ ਕਿ ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਭੁੱਲ ਗਿਆ ਕਿ ਉਮਰਾਨੰਗਲ ਦੇ ਹੱਥ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਨੇ ? ਹੁਣ ਤਾਂ ਆਪਣੇ ਪੁੱਤਾਂ ਨੂੰ ਉਡੀਕਦੀਆਂ ਮਾਂਵਾਂ ਦੇ ਰੋ-ਰੋ ਕੇ ਹੰਝੂ ਵੀ ਮੁੱਕ ਗਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸੰਤਾਪ ਸਿੱਖ ਅੱਜ-ਤੱਕ ਭੋਗ ਰਹੇ ਹਨ। ਉਹਨਾਂ ਕਿਹਾ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰਨ ਅਤੇ ਬਹਿਬਲ ਕਲਾਂ ਅਤੇ ਕੋਟਕਪੂਰੇ ਕਾਂਡ ਦੇ ਦੋਸ਼ ’ਚ ਉਮਰਾਨੰਗਲ ਜੇਲ੍ਹ ਦੀ ਤੱਤੀ ਹਵਾ ਵੀ ਖਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਭਰਮਾ-ਫੁਸਲਾ ਕੇ ਉਮਰਾਨੰਗਲ ਦੇ ਪਾਪ ਧੋਤੇ ਨਹੀਂ ਜਾਣੇ, ਗੁਰੂ ਦੀ ਸੱਚੀ ਦਰਗਾਹ ’ਚ ਉਸਨੂੰ ਸਜ਼ਾ ਅਵੱਸ਼ ਮਿਲੇਗੀ। ਫ਼ੈਡਰੇਸ਼ਨ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸ੍ਰ. ਭਗਵੰਤ ਸਿੰਘ ਸਿਆਲਕਾ ਜੋ ਉਮਰਾਨੰਗਲ ਨੂੰ ਬੜਾ ਗੱਜ-ਵੱਜ ਕੇ ਸਨਮਾਨਿਤ ਕਰ ਰਹੇ ਹਨ ਉਹ ਦਮਦਮੀ ਟਕਸਾਲ ਵੱਲੋਂ ਨਾਮਜ਼ਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਇਸ ਲਈ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਵੀ ਆਪਣਾ ਪੱਖ ਸੰਗਤਾਂ ਸਾਹਮਣੇ ਰੱਖਣਾ ਚਾਹੀਦਾ ਹੈ।