ਸੰਗਰੂਰ: ਪੰਜਾਬ ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ ਦੀ ਚੇਅਰਪਰਸਨ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕੱਲ੍ਹ ਸੰਗਰੂਰ ਵਿਖੇ ਕਿਹਾ ਕਿ ਹਮੇਸ਼ਾ ਹੀ ਪੰਥ ਨੂੰ ਖ਼ਤਰੇ ਵਿੱਚ ਦੱਸ ਕੇ ਸਿਆਸੀ ਲਾਹਾ ਖੱਟਣ ਵਾਲੀ ਬਾਦਲ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਥਕ ਏਜੰਡਾ ਹੀ ਲੈ ਡੁੱਬੇਗਾ। ਭੱਠਲ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਸਿਆਸੀ ਰੋਟੀਆਂ ਸੇਕਣ ਲਈ ਹਮੇਸ਼ਾ ਹੀ ਧਰਮ ਦੀ ਵਰਤੋਂ ਕੀਤੀ ਹੈ ਅਤੇ ਇਨ੍ਹਾਂ ਨੇ ਕਦੇ ਧਰਮ ਦਾ ਸਤਿਕਾਰ ਨਹੀਂ ਕੀਤਾ। ਇਸੇ ਕਰਕੇ ਦੁਖੀ ਅਤੇ ਨਿਰਾਸ਼ ਹੋਏ ਲੋਕਾਂ ਵੱਲੋਂ ‘ਸਰਬੱਤ ਖ਼ਾਲਸਾ’ ਬੁਲਾਇਆ ਗਿਆ ਹੈ।

ਸੰਗਰੂਰ ਵਿਖੇ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਦੱਸਿਆ ਕਿ ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਲਗਭਗ ਤਿਆਰ ਹੈ ਅਤੇ ਇੱਕ-ਦੋ ਦਿਨਾਂ ਵਿੱਚ ਪਾਰਟੀ ਹਾਈਕਮਾਂਡ ਨੂੰ ਸੌਂਪ ਦਿੱਤਾ ਜਾਵੇਗਾ। ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਇਸ ਮਹੀਨੇ ਦੇ ਆਖ਼ਰੀ ਜਾਂ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਜਾਰੀ ਕਰ ਦਿੱਤੀ ਜਾਵੇਗੀ।
ਉਨ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਸਪੱਸ਼ਟ ਕੀਤਾ ਕਿ ਸੱਤਾ ਵਿੱਚ ਆਉਣ ’ਤੇ ਕਿਸਾਨਾਂ ਵੱਲੋਂ ਕਿਸੇ ਵੀ ਬੈਂਕ, ਸਹਿਕਾਰੀ ਸੁਸਾਇਟੀ, ਆੜ੍ਹਤੀਆਂ ਜਾਂ ਹੋਰ ਵਿੱਤੀ ਸੰਸਥਾਵਾਂ ਤੋਂ ਲਏ ਕਰਜ਼ੇ ਦੇ ਸਾਰੇ ਬਕਾਇਆਂ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਜਾਵੇਗਾ ਅਤੇ ਚੋਣ ਮਨੋਰਥ ਪੱਤਰ ਵਿੱਚ ਵੀ ਇਸਨੂੰ ਪਹਿਲ ਦੇ ਆਧਾਰ ’ਤੇ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਗਊ ਰੱਖਿਆ ਦੇ ਨਾਮ ’ਤੇ ਲੋਕਾਂ ਤੋਂ ਗਊ ਸੈੱਸ ਜਬਰੀ ਵਸੂਲ ਕਰ ਰਹੀ ਹੈ, ਜੋ ਕਿ ਦਰੁਸਤ ਨਹੀਂ ਹੈ। ਉਨ੍ਹਾਂ ਵਿਸ਼ਵ ਕਬੱਡੀ ਕੱਪ ਨੂੰ ਫਲਾਪ ਸ਼ੋਅ ਕਰਾਰ ਦਿੱਤਾ।