ਬਠਿੰਡਾ: ਅਬੋਹਰ ਵਾਟਰ ਵਰਕਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਪੁੱਤਰ ਪਰਮਜੀਤ ਸਿੰਘ ਲਾਲੀ ਬਾਦਲ ਨੇ ਨਵਜੋਤ ਸਿੱਧੂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ। ਲਾਲੀ ਨੇ ਆਪਣੇ ਖਿਲਾਫ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਲਾਏ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ।

ਲਾਲੀ ਨੇ ਕਿਹਾ ਕਿ ਸਿੱਧੂ ਵੱਲੋਂ ਲਾਏ ਝੂਠੇ ਦੋਸ਼ਾਂ ਤਹਿਤ ਉਹ ਨਵਜੋਤ ਸਿੱਧੂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣਗੇ। ਲਾਲੀ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਕਤ ਜ਼ਮੀਨ ਉਸ ਨੇ 8 ਲੱਖ ਰੁਪਏ ਵਿੱਚ ਖਰੀਦੀ ਸੀ ਜਦਕਿ ਸਿੱਧੂ ਨੇ ਵਿਧਾਨ ਸਭਾ ਵਿੱਚ ਇਸ ਨੂੰ 80 ਕਰੋੜ ਦਾ ਘੁਟਾਲਾ ਦੱਸ ਕੇ ਉਸ ‘ਤੇ ਝੂਠੇ ਇਲਜ਼ਾਮ ਲਾਏ ਹਨ।
ਲਾਲੀ ਨੇ ਦੱਸਿਆ ਕਿ ਜਿਸ ਤੋਂ ਮੈਂ ਜ਼ਮੀਨ ਖਰੀਦੀ ਹੈ, ਉਹ 1958 ਤੋਂ ਇਸ ਜ਼ਮੀਨ ਦਾ ਮਾਲਕ ਹੈ। ਲਾਲੀ ਨੇ ਮੀਡੀਆ ਦੇ ਸਾਹਮਣੇ ਸਾਰੇ ਦਸਤਾਵੇਜ਼ ਵੀ ਰੱਖੇ। ਮਾਮਲੇ ਵਿੱਚ ਲਾਲੀ ਹੁਣ ਝੂਠੇ ਇਲਜ਼ਾਮਾਂ ਦਾ ਹਵਾਲਾ ਦੇ ਕੇ ਨਵਜੋਤ ਸਿੱਧੂ ਖਿਲਾਫ 1 ਕਰੋੜ ਦੀ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਏਗਾ।