ਅੰਮਿ੍ਤਸਰ (28 ਅਕਤੂਬਰ, 2015 ): ਨਕਲੀ ਬੀਜ਼ਾਂ, ਕੀੜੇਮਾਰ ਦੀਵਾਈਆਂ ਅਤੇ ਫਸਲਾਂ ਦੇ ਮੰਦੇ ਭਾਅ ਅਤੇ ਕਿਸਾਨੀ ਨਾਲ ਸਬੰਧਿਤ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬਾਦਲ ਸਰਕਾਰ ਵਿਰੁੱਧ 8 ਕਿਸਾਨ ਜਥੇਬੰਦੀਆਂ ਵੱਲੋਂ 4 ਨਵੰਬਰ ਤੋਂ ਅੰਮਿ੍ਤਸਰ ਤੇ ਮੋਗਾ ਦੇ ਡੀ. ਸੀ. ਦਫਤਰਾਂ ਅੱਗੇ ਸੂਬਾ ਪੱਧਰੀ 3 ਦਿਨਾਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ।
ਸਰਕਾਰ ਖਿਲਾਫ ਆਰੰਭੇ ਸੰਘਰਸ਼ ਸਬੰਧੀ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਦੀਆਂ ਕਿਸਾਨੀ ਪ੍ਰਤੀ ਮੀਟੀਆਂ ਅੱਖਾ ਨਾ ਖੁੱਲ੍ਹੀਆ ਤਾਂ ਇਸ ਮੋਰਚੇ ਨੂੰ ਮੀਟਿੰਗ ਕਰਕੇ ਹੋਰ ਤਿੱਖਾ ਕੀਤਾ ਜਾਵੇਗਾ ।

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ: ਸਕਤੱਰ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਉਕਤ ਮੋਰਚੇ ਦੀਆਂ ਤਿਆਰੀਆਂ ਸਬੰਧੀ ਅੰਮਿ੍ਤਸਰ, ਬਾਬਾ ਬਕਾਲਾ, ਮਹਿਤਾ, ਚੋਗਾਵਾਂ, ਤਰਨ ਤਾਰਨ, ਦਬੁਰਜੀ ਅੱਡਾ, ਝਬਾਲ, ਖਡੂਰ ਸਾਹਿਬ, ਹੁਸ਼ਿਆਰਪੁਰ, ਫਿਰੋਜਪੁਰ, ਗੁਰਦਾਸਪੁਰ, ਲੋਹੀਆ ਆਦਿ ਸੈਂਕੜੇ ਪਿੰਡਾਂ ਤੇ ਕਸਬਿਆਂ ‘ਚ ਰੋਸ ਮਾਰਚ ਕਰਕੇ ਬਾਦਲ ਸਰਕਾਰ ਦੇ ਪੁਤਲੇ ਫੂਕੇ ਤੇ ਕਈ ਥਾਵਾਂ ਤੇ ਮੁੱਖ ਮਾਰਗ ਆਵਾਜਾਈ ਠੱਪ ਰੱਖੀ ਗਈ ।
ਕਿਸਾਨ ਆਗੂਆਂ ਨੇ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿਧਵਾਂ, ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਕਤ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਹੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ।ਜਿਸ ਕਾਰਨ ਮੰਤਰੀਆਂ, ਸੰਸਦੀ ਸਕਤਰਾਂ, ਵਿਧਾਇਕਾਂ ਦਾ ਪਿੰਡਾਂ ‘ਚ ਘਿਰਾੳ ਤੇ ਵਿਰੋਧ ਜਾਰੀ ਰੱਖਿਆ ਜਾਵੇਗਾ ।