ਚੰਡੀਗੜ੍ਹ: ਬੀਤੇ ਦਿਨ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਕੌਂਸਲ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਯੂਨੀਵਰਸਿਟੀ ਚੋਣਾਂ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ। ਇਸ ਬਾਰ ਜਥੇਬੰਦੀ ਵੱਲੋਂ ਪ੍ਰਧਾਨਗੀ ਲਈ ਚੋਣ ਲੜਨ ਲਈ ਫੈਸਲਾ ਕੀਤਾ ਗਿਆ ਹੈ। ਪ੍ਰਧਾਨਗੀ ਲਈ ਜਥੇਬੰਦੀ ਵੱਲੋਂ ਦਰਸ਼ਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਡੀ.ਏ.ਵੀ ਕਾਲਜ ਵਿੱਚ ਵੀ ਪਹਿਲੀ ਬਾਰ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਪ੍ਰਧਾਨਗੀ ਲਈ ਸਹਿਬਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਸੱਥ ਦੇ ਕੋਰ ਕਮੇਟੀ ਮੈਂਬਰ ਜੁਝਾਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿਦਿਆਰਥੀ ਰਾਜਨੀਤੀ ਵਿੱਚ ਕਾਕਾਸ਼ਾਹੀ ਭਾਰੂ ਰਹੀ, ਜਿਸਨੇ ਵਿਦਿਆਰਥੀ ਵਰਗ ਨੂੰ ਗਰੁੱਪਾਂ ਵਿੱਚ ਵੰਡ ਕੇ ਨਿੱਜੀ ਮੁਫਾਦਾਂ ਅਤੇ ਰੰਜਿਸ਼ਾਂ ਵਿੱਚ ਫਸਾਈ ਰੱਖਿਆ। ਇਹਨਾਂ ਗਰੁੱਪਾਂ ਨੂੰ ਹੀ ਅੱਗੇ ਜਾ ਕੇ ਮੁੱਖ ਧਾਰਾ ਦੀ ਲੀਡਰਸ਼ਿਪ ਵੱਲੋਂ ਬਾਹੂਬਲ ਵਜੋਂ ਵਰਤਿਆ ਜਾਂਦਾ ਰਿਹਾ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਵਿੱਚੋਂ ਗੈਂਗਸਟਰਵਾਦ ਜਿਹੀਆਂ ਚੁਣੌਤੀਆਂ ਇਸ ਖਿੱਤੇ ਲਈ ਉੱਭਰੀਆਂ।

ਸੱਠਿਵਿਆਂ ਵਿੱਚ ਨਕਸਲਬਾੜੀ ਲਹਿਰ ਨੇ ਵਿਦਿਆਰਥੀਆਂ ਨੂੰ ਜੱਥੇਬੰਦ ਤਾਂ ਕੀਤਾ, ਪਰ ਇੱਥੋਂ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਹਕੀਕਤਾਂ ਨੂੰ ਝੁਠਲਾ ਕੇ, ਉਹਨਾਂ ਨੂੰ ਨੀਰਸ, ਰੁੱਖੇ ਫਲਸਫਿਆਂ ਦੀ ਘੁੰਮਣ-ਘੇਰੀ ਵਿੱਚ ਪਾ ਕੇ ਨਸ਼ਿਆਂ, ਬੇਰੁਜਗਾਰੀ, ਚਰਿੱਤਰਹੀਣਤਾ ਵੱਲ ਧੱਕ ਕੇ, ਇੱਕ ਯੂਟੋਪੀਆ ਬਣਾਉਣ ਲਈ ਬਾਲਣ ਵਾਂਗ ਵਰਤਿਆ।

ਜੁਝਾਰ ਸਿੰਘ ਨੇ ਕਿਹਾ ਕਿ ਜਦੋਂ ਅੱਸੀਵਿਆਂ ਵਿੱਚ ਪੰਜਾਬ ਦੀਆਂ ਹੱਕੀ ਮੰਗਾਂ ਲਈ ਸਿੱਖ ਸੰਘਰਸ਼ ਸਿਖਰ ਤੇ ਸੀ ਤਾਂ ਖੋਖਲੀ ਤੇ ਰੁੱਖੀ ਵਿਦਿਆਰਥੀ ਰਾਜਨੀਤੀ ਦੇ ਝੰਬੇ ਹੋਏ ਕਾਲਜੀਏਟ ਮੁੰਡੇ ਕੁੜੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਅਤੇ ਵਿਦਿਆਰਥੀ ਰਾਜਨੀਤੀ ਅਸਲ ਮਾਇਨਿਆਂ ਵਿੱਚ ਸੁਰਜੀਤ ਹੋਈ।

ਪਰ ਲੰਮੇ ਸੰਘਰਸ਼ ਦੇ ਦੌਰ ਤੋਂ ਬਾਅਦ, ਮਾਣ ਮੱਤੀਆਂ ਸ਼ਹੀਦੀਆਂ ਤੋਂ ਬਾਅਦ, ਨਵੀਂ ਅਜ਼ਾਦ ਲੀਡਰਸ਼ਿਪ ਦੇ ਉਭਾਰ ਨੂੰ ਰੋਕਣ ਲਈ ਪੰਜਾਬ ਵਿੱਚ ਚੋਣਾਂ ਬੰਦ ਕਰੀਆਂ ਗਈਆਂ, ਫੈਡਰੇਸ਼ਨ ਨੂੰ ਬੈਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਵਿੱਚ ਚੋਣਾਂ ਭਾਵੇਂ ਬਹਾਲ ਹੋ ਗਈਆਂ, ਪਰ ਵਿਦਿਆਰਥੀ ਰਾਜਨੀਤੀ ਦਾ ਪਿੜ, ਜਿਸ ਵਿੱਚੋਂ ਸਾਡੇ ਇਸ ਖਿੱਤੇ ਲਈ ਕੋਈ ਉਸਾਰੂ ਰਾਜਨੀਤੀ ਖੜੀ ਹੋ ਸਕੇ, ਇਹ ਪਿੜ ਖਾਲੀ ਰਿਹਾ। ਨਤੀਜਾ ਇਹ ਰਿਹਾ ਕਿ ਅੱਜ ਸਾਡਾ ਖਿੱਤਾ ਲੀਡਰਸ਼ਿਪ ਸੰਕਟ ਨਾਲ ਜੂਝ ਰਿਹਾ।
ਸੱਥ ਆਗੂ ਨੇ ਕਿਹਾ ਕਿ ਇਸੇ ਪਾਸੇ ਕੋਸ਼ਿਸ਼ ਕਰਦਿਆਂ ਵਿਦਿਆਰਥੀ ਜੱਥੇਬੰਦੀ ਸੱਥ ਨੇ 2019 ਤੋਂ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕੀਤਾ, ਇੱਕ ਸੂਝਵਾਨ ਸਾਂਝੀ ਲੀਡਰਸ਼ਿਪ ਤਿਆਰ ਕੀਤੀ ਅਤੇ ਲਗਾਤਾਰ ਇਸ ਪਾਸੇ ਯਤਨ ਜਾਰੀ ਹਨ। ਜਨਤਕ ਸਰਗਰਮੀ ਦੇ ਅਭਿਆਸ ਵਿੱਚੋਂ ਲੰਘਾ ਕੇ, ਆਮ ਵਿਦਿਆਰਥੀਆਂ ਵਿੱਚੋਂ ਲੀਡਰਸ਼ਿਪ ਪੈਦਾ ਕਰਨ ਦੇ ਉੱਦਮ ਕਰਨਾ ਸਾਡਾ ਮਕਸਦ ਰਿਹਾ। ਇਸੇ ਤਹਿਤ ਇਲੈਕਸ਼ਨਾਂ ਵਿੱਚ ਵੀ ਹਿੱਸਾ ਲਿਆ। ਦੋ ਵਾਰ ਜਿੱਤੇ। ਹੁਣ ਤੀਜੀ ਵਾਰ ਦੀ ਤਿਆਰੀ ਹੈ।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਸ਼ਮੀਤ ਸਿੰਘ ਨੇ ਸੰਬੋਧਿਤ ਕਰਦਿਆਂ ਦੱਸਿਆ ਯਕੀਨ ਬੱਝਾ ਹੈ ਕਿ ਅਸੀਂ ਪਿਛਲੇ ਸੱਤ ਅੱਠ ਸਾਲ ਕੰਮ ਕਰਕੇ, ਅਸੀਂ ਜੋ ਟੀਮ ਤਿਆਰ ਕੀਤੀ ਹੈ। ਉਸਦੇ ਬਲਬੂਤੇ ਅਸੀਂ ਪ੍ਰਧਾਨਗੀ ਤੇ ਲੜਨ ਜਾ ਰਹੇ ਹਾਂ।