ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੇ ਫੀਸਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ 68 ਵਿਦਿਆਰਥੀਆਂ ਖਿਲਾਫ ਦਰਜ ਕੀਤੇ ਪੁਲਿਸ ਕੇਸਾਂ ਨੂੰ ਵਾਪਸ ਲਿਆ ਜਾਵੇਗਾ। ਐਤਵਾਰ ਸ਼ਾਮ ਨੂੰ ਸੈਨਟ ਦੀ ਹੋਈ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ ਹਨ।

ਸੈਨਟ ਦੀ ਮੀਟਿੰਗ ਵਿੱਚ ਬੇਸ਼ਕ ਫੀਸਾਂ ਵਿੱਚ ਕੀਤਾ ਭਾਰੀ ਵਾਧਾ ਤਾਂ ਵਾਪਸ ਲੈ ਲਿਆ ਹੈ ਪਰ ਨਵੇਂ ਵਿਦਿਆਰਥੀਆਂ ਲਈ ਟਿਊਸ਼ਨ ਫ਼ੀਸ ਵਿੱਚ ਦਸ ਫ਼ੀਸਦ ਦਾ ਵਾਧਾ ਬਰਕਰਾਰ ਰੱਖਿਆ ਹੈ। ਪੁਰਾਣੇ ਵਿਦਿਆਰਥੀਆਂ ’ਤੇ ਪੰਜ ਫ਼ੀਸਦ ਦਾ ਵਾਧਾ ਲਾਗੂ ਹੋਵੇਗਾ ਅਤੇ ਇਹ ਘੱਟੋ-ਘੱਟ ਪੰਜ ਸੌ ਰੁਪਏ ਤੇ ਵੱਧ ਤੋਂ ਵੱਧ ਬਾਰਾਂ ਸੌ ਰੁਪਏ ਤੱਕ ਹੋਵੇਗਾ।
ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਯੂਨੀਵਰਿਸਟੀ ਦੇ ਰਿਜ਼ਰਵ ਫ਼ੰਡ ਲਈ ਸਾਲਾਨਾ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਵਿੱਚ ਉੱਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਨੇ ਸੈਨੇਟ ਨੂੰ ਦੱਸਿਆ ਕਿ ਉਹ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਗ੍ਰਹਿ ਸਕੱਤਰ ਨੂੰ ਮਿਲ ਕੇ ਕੇਸ ਵਾਪਸ ਲੈਣ ਲਈ ਕਹਿਣਗੇ।
ਜ਼ਿਕਰਯੋਗ ਹੈ ਕਿ ’ਵਰਸਿਟੀ ਨੇ 26 ਮਾਰਚ ਦੀ ਸੈਨੇਟ ਮੀਟਿੰਗ ਵਿੱਚ ਕੈਂਪਸ ਅਤੇ ਖੇਤਰੀ ਸੈਂਟਰਾਂ ਦੇ ਵਿਦਿਆਰਥੀਆਂ ਦੀ ਫ਼ੀਸ ’ਚ ਵਾਧਾ ਕਰ ਦਿੱਤਾ ਸੀ। ਇਹ ਵਾਧਾ ਔਸਤਨ 12.5 ਫ਼ੀਸਦ ਸੀ ਪਰ ਤਿੰਨ ਕੋਰਸਾਂ ਦੀ ਫ਼ੀਸ ਵਿੱਚ ਕਈ ਸੌ ਗੁਣਾ ਵਾਧਾ ਕਰ ਦਿੱਤਾ ਗਿਆ ਸੀ। ਫ਼ੀਸਾਂ ’ਚ ਵਾਧੇ ਮਗਰੋਂ ਵਿਦਿਆਰਥੀਆਂ ਨੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਸਨ। ਯੂਨੀਵਰਸਿਟੀ ਨੇ ਮੀਟਿੰਗ ਵਿੱਚ ਤਿੰਨ ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਫ਼ੀਸ ਵਾਧੇ ਤੋਂ ਛੋਟ ਦੇਣ ਦਾ ਮਤਾ ਰੱਖਿਆ ਸੀ ਪਰ ਵੱਡੀ ਗਿਣਤੀ ਮੈਂਬਰਾਂ ਨੇ ਇਸ ਨੂੰ ਨਕਾਰ ਦਿੱਤਾ।
ਸਬੰਧਤ ਖ਼ਬਰ:
ਸਰਕਾਰ ਫੌਰੀ ਤੌਰ ‘ਤੇ ਪੰਜਾਬ ਯੂਨੀਵਰਸਿਟੀ ਵਿਚ ਵਧਾਈਆਂ ਫੀਸਾਂ ਵਾਪਿਸ ਲਵੇ: ਆਮ ਆਦਮੀ ਪਾਰਟੀ …