ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਰੀਓ ਓਲੰਪਿਕ ਦੀਆਂ ਤਿਆਰੀਆਂ ਦਾ ਬਹਾਨਾ ਲਾ ਕੇ ਇਕ ਵਾਰ ਫਿਰ ਐਨਫੋਰਸਮੈਂਟ ਆਫ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਨਹੀਂ ਹੋਏ। ਰਣਇੰਦਰ ਸਿੰਘ ਨੂੰ ਈਡੀ ਨੇ 14 ਜੁਲਾਈ ਨੂੰ ਤਲਬ ਕੀਤਾ ਹੋਇਆ ਸੀ। ਇਸ ਵਾਸਤੇ ਉਨ੍ਹਾਂ ਨੂੰ ਮੁੜ ਸੰਮਨ ਭੇਜੇ ਗਏ ਸਨ।

ਰਣਇੰਦਰ ਸਿੰਘ, ਜੋ ਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਨ, ਨੇ ਈਡੀ ਅਧਿਕਾਰੀਆਂ ਨੂੰ ਇਹ ਸੁਨੇਹਾ ਭੇਜਿਆ ਹੈ ਕਿ ਉਹ ਰੀਓ ਓਲੰਪਿਕ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਤੇ ਇਸ ਕਰਕੇ ਉਹ ਹਾਜ਼ਰ ਨਹੀਂ ਹੋ ਸਕਦੇ। ਈਡੀ ਨੇ ਪਹਿਲਾਂ ਵੀ ਸੰਮਨ ਭੇਜ ਕੇ ਰਣਇੰਦਰ ਨੂੰ 16 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਦੋਂ ਵੀ ਉਨ੍ਹਾਂ ਐਨ ਮੌਕੇ ’ਤੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਲਾ ਕੇ ਪੇਸ਼ੀ ਤੋਂ ਛੋਟ ਲੈ ਲਈ ਸੀ। ਈਡੀ ਨੇ ਲੰਘੀ 4 ਜੁਲਾਈ ਨੂੰ ਹੀ ਸੰਮਨ ਭੇਜ ਕੇ ਰਣਇੰਦਰ ਨੂੰ 14 ਜੁਲਾਈ ਵਾਲੇ ਦਿਨ ਪੇਸ਼ ਹੋਣ ਲਈ ਕਿਹਾ ਸੀ ਅਤੇ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ ਵੀ ਨਾਲ ਲਿਆਉਣ ਦੀਆਂ ਹਦਾਇਤ ਕੀਤੀ ਸੀ।
ਈਡੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਸੀਆਈਡੀ ਅਤੇ ਮੀਡੀਆ ਕਰਮੀਆਂ ਨੇ ਵੀ ਈਡੀ ਦੇ ਦਫਤਰ ਅੱਗੇ ਡੇਰੇ ਲਾਏ ਹੋਏ ਸਨ। ਰਣਇੰਦਰ ਸਿੰਘ ’ਤੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਦੋਸ਼ ਲੱਗੇ ਹੋਏ ਹਨ। ਇਸ ਐਕਟ ਤਹਿਤ ਹੀ ਉਨ੍ਹਾਂ ਨੂੰ ਸੰਮਨ ਭੇਜੇ ਗਏ ਸਨ। ਈਡੀ ਨੇ ਅਜੇ ਤੱਕ ਉਸ ਦੀ ਅਗਲੀ ਪੇਸ਼ੀ ਬਾਰੇ ਕੋਈ ਨਵੀਂ ਤਰੀਕ ਨਹੀਂ ਦੱਸੀ। ਲੁਧਿਆਣਾ ’ਚ ਵੀ ਆਮਦਨ ਕਰ ਵਿਭਾਗ ਵੱਲੋਂ ਉਨ੍ਹਾਂ ਨੂੰ 26 ਜੁਲਾਈ ਨੂੰ ਤਲਬ ਕੀਤਾ ਹੋਇਆ ਹੈ। ਇਹ ਮਾਮਲਾ ਇੰਗਲੈਂਡ ’ਚ ਮਾਰਕੰਡਾ ਟਰੱਸਟ ਦਾ ਦੱਸਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਹ ਦੋਸ਼ ਲਾ ਚੁੱਕੇ ਹਨ ਕਿ ਸਿਆਸੀ ਰੰਜਿਸ਼ ਕਰਕੇ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਲਈ ਰਣਇੰਦਰ ਸਿੰਘ ਨੂੰ ਤਲਬ ਕੀਤਾ ਜਾ ਰਿਹਾ ਹੈ।