
ਅੰਮਿ੍ਤਸਰ (29 ਜਨਵਰੀ, 2016): ਵਿਵਾਦਾਂ ਵਿੱਚ ਘਿਰੇ ਗਿਆਨੀ ਗੁਰਬਚਨ ਸਿੰਘ ਨੇ ਸੌਦਾ ਸਾਧ ਮਾਫੀ ਮਾਮਲੇ ‘ਤੇ ਪਹਿਲੀ ਵਾਰ ਆਪਣਾ ਮੌਨ ਭੰਗ ਕਰਦਿਆਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਗਲਤ ਦੱਸਿਆ।
ਪੰਜਾਬੀ ਅਖਬਾਰ ਅਜੀਤ ਵਿੱਚ ਅੰਮ੍ਰਿਤਸਰ ਤੋਂ ਨਸ਼ਰ ਖਬਰ ਅਨੁਸਾਰ ਉਨਾਂ ਆਪਣੇ ਅਤੇ ਹੋਰ ਜੱਥੇਦਾਰਾਂ ਵੱਲੋਂ ਲਏ ਫੈਸਲੇ ਨੂੰ ਗਲਤ ਸਵੀਕਾਰ ਕਰਦਿਆਂ ਕਿਹਾ ਕਿ ਜਦ ਵੀ ਕੋਈ ਗਲਤੀ ਹੋ ਜਾਵੇ ਤਾਂ ਉਸ ‘ਚ ਸੁਧਾਰ ਕਰ ਲੈਣਾ ਚਾਹੀਦਾ ਹੈ ।ਇਕ ਨਿਜੀ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੰਨਿਆ ਕਿ ਸੌਦਾ ਸਾਧ ਨੂੰ ਮੁਆਫ਼ ਕਰਨ ਸਬੰਧੀ ਲਿਆ ਗਿਆ ਫ਼ੈਸਲਾ ਸਹੀ ਨਹੀਂ ਸੀ ।
ਉਨ੍ਹਾਂ ਕਿਹਾ ਕਿ ਮੁਆਫ਼ੀ ਦਾ ਫ਼ੈਸਲਾ ਇਕ ਵੱਡੀ ਭੁੱਲ ਸੀ, ਜਿਸ ਨੂੰ ਵਾਪਸ ਲੈ ਕੇ ਉਸ ‘ਚ ਸੁਧਾਰ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੇਲੇ ਗਲਤੀ ਹੋ ਜਾਵੇ ਤਾਂ ਉਸ ਨੂੰ ਸੁਧਾਰ ਲੈਣਾ ਚਾਹੀਦਾ ਹੈ ਤੇ ਗਲਤੀ ਨੂੰ ਮੰਨਣਾ ‘ਚ ਕੋਈ ਵੀ ਗਲਤ ਨਹੀਂ ਹੈ ।ਉਨ੍ਹਾਂ ਵੀ ਸੌਦਾ ਸਾਧ ਨੂੰ ਮੁਆਫ਼ ਕਰਨ ਸਬੰਧੀ ਕੀਤੀ ਭੁੱਲ ਨੂੰ ਸੁਧਾਰਦੇ ਹੋਏ ਫ਼ੈਸਲਾ ਵਾਪਸ ਲੈ ਲਿਆ ਸੀ ।