ਚੰਡੀਗੜ: ਸ਼ਿਵ ਸੈਨਾ ਨੇ ਆਪਣੀ ਕੌਮੀ ਕਾਰਜਕਾਰਣੀ ਦੀ ਬੈਠਕ ਮੌਕੇ ਐਲਾਨ ਕੀਤਾ ਹੈ ਕਿ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਨਾਲ ਗੱਠਜੋੜ ਨਹੀ ਕਰੇਗੀ ਪਰ ਇਸ ਦੇ ਨਾਲ ਹੀ ਸੈਨਾ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਮੌਜੂਦਾ ਗੱਠਜੋੜ ਨਿਭਾਉਣ ਬਾਰੇ ਚੁੱਪ ਧਾਰ ਰੱਖੀ ਹੈ।
ਕਾਂਗਰਸ ਨੇ ਸ਼ਿਵ ਸੈਨਾ ਦੇ ਇਸ ਐਲਾਨ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਸ਼ਿਵ ਸੈਨਾ ਦੇ ਐਲਾਨਾਂ ਨੂੰ ਕੋਈ ਗੰਭੀਰਤਾ ਨਾਲ ਨਹੀ ਲੈਂਦਾ।
ਸ਼ਿਵ ਸੈਨਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਮਹਾਰਾਸ਼ਟਰ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਵੀ ਚੋਣਾਂ ਲੜੇਗੀ। ਅੱਜ ਮੁੜ ਪ੍ਰਧਾਨ ਚੁਣੇ ਗਏ ਸ਼ਿਵ ਸੈਨਾ ਆਗੂ ਉਧਵ ਠਾਕਰੇ ਨੇ ਕਿਹਾ ਕਿ ਉਹ ਸੂਬੇ ਤੋਂ ਬਾਹਰ ਇਸ ਕਰਕੇ ਚੋਣਾਂ ਨਹੀ ਲੜਦੇ ਸਨ ਕਿ ਹਿੰਦੂ ਵੋਟਾਂ ਵੰਡੀਆਂ ਨਾ ਜਾਣ।