ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੀਤੇ ਦਿਨੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਸ਼ਬਦਾਵਲੀ ਦੀ ਵੀਡੀਓ ‘ਚ ਸਾਹਮਣੇ ਆਏ ਨਰਾਇਣ ਦਾਸ ਨਾਮੀ ਅਖੌਤੀ ਸਾਧ ਖਿਲਾਫ ਸਿੱਖ ਸੰਗਤਾਂ ਦਾ ਰੋਹ ਤੇ ਰੋਸ ਅਜੇ ਮੱਠਾ ਨਹੀ ਹੋਇਆ।

ਨਰਾਇਣ ਦਾਸ ਦੀ ਗ੍ਰਿਫਤਾਰੀ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਸਿੱਖ ਜਥੇਬੰਦੀਆਂ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਪੰਜਾਬ, ਜਥਾ ਸਿਰਲੱਥ ਖਾਲਸਾ ਅੰਮ੍ਰਿਤਸਰ, ਸਤਿਕਾਰ ਕਮੇਟੀ ਪੰਜਾਬ ਵਲੋਂ ਕਥਾਵਾਚਕ ਭਾਈ ਭੁਪਿੰਦਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ,ਸਵਿੰਦਰ ਸਿੰਘ ਰਾਜਾਸਾਂਸੀ, ਭਾਈ ਰਣਜੀਤ ਸਿੰਘ ਅਤੇ ਭਾਈ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਇੱਕਤਰ ਹੋਏ ਸੈਂਕੜੇ ਸਿੰਘਾਂ ਨੇ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਾਮ ਇੱਕ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਅਖੌਤੀ ਸਾਧ ਵਲੋਂ ਗੁਰੂ ਸਾਹਿਬ ਅਤੇ ਗੁਰ ਸਿਧਾਂਤ ਪ੍ਰਤੀ ਵਰਤੇ ਗਏ ਸ਼ਬਦਾਂ ਨਾਲ ਸਮੁਚੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਗੁਰੂ ਸਾਹਿਬ ਵਲੋਂ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਿੱਤੇ ਸਤਿਕਾਰਤ ਅਸਥਾਨ ਨੂੰ ਗਲਤ ਠਹਿਰਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਨ ਦੀ ਜੋ ਭੁੱਲ ਕੀਤੀ ਗਈ ਹੈ ਉਹ ਬਖਸ਼ਣ ਯੋਗ ਨਹੀ। ਆਗੂਆਂ ਨੇ ਨਰਾਇਣ ਦਾਸ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਿਆਂ ਉਸ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।