ਨਵੀਂ ਦਿੱਲੀ (22 ਅਪ੍ਰੈਲ, 2015): ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲ਼ੀ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮਾਮਲੇ ‘ਚ ਦਾਇਰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ‘ਤੇ ਸੁਣਵਾਈ ਲਈ 3 ਜੂਨ ਤਰੀਕ ਤੈਅ ਕੀਤੀ ਹੈ ।

ਅਦਾਲਤ ਨੇ ਇਸ ਤੋਂ ਪਹਿਲਾਂ ਕਲੋਜਰ ਰਿਪੋਰਟ ‘ਤੇ ਸ਼ਿਕਾਇਤਕਰਤਾ ਤੇ ਪੀੜਤ ਲਖਵਿੰਦਰ ਕੌਰ ਨੂੰ ਅੱਜ ਦੇ ਲਈ ਨੋਟਿਸ ਜਾਰੀ ਕੀਤਾ ਸੀ । ਲਖਵਿੰਦਰ ਕੌਰ ਦੇ ਪਤੀ ਬਾਦਲ ਸਿੰਘ ਦੀ ਨਵੰਬਰ 1984 ਵਿਚ ਹੱਤਿਆ ਕਰ ਦਿੱਤੀ ਗਈ ਸੀ ।
ਲਖਵਿੰਦਰ ਕੌਰ ਵੱਲੋਂ ਵਕੀਲ਼ ਕਾਮਨਾ ਵੋਹਰਾ ਪੇਸ ਹੋਏ। ਅਦਾਲਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਰਿਕਾਰਡ ਨੂੰ ਵੇਖਣ ਨਾਲ ਇਹ ਖੁਲਾਸਾ ਹੁੰਦਾ ਹੈ ਕਿ ਦੋਸ਼ੀ ਜਗਦੀਸ਼ ਟਾਈਟਲਰ ਦੇ ਸਬੰਧ ‘ਚ ਰੱਦ ਕਰਨ ਨੂੰ ਲੈ ਕੇ ਰਿਪੋਰਟ ਨੂੰ ਪਹਿਲਾਂ ਵੀ ਦਾਖਿਲ ਕੀਤਾ ਗਿਆ ਸੀ ।
ਇਹ ਤੀਜਾ ਮੌਕਾ ਹੈ ਜਦ ਜਾਂਚ ਏਜੰਸੀ ਨੇ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਹੈ । ਸੀ.ਬੀ.ਆਈ. ਨੇ ਕਿਹਾ ਸੀ ਕਿ ਉਸ ਨੇ ਸੈਸ਼ਨ ਅਦਾਲਤ ਦੇ ਨਿਰਦੇਸ਼ਾਂ ਮੁਤਾਬਿਕ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਹੈ ਅਤੇ ਇਸ ਮਾਮਲੇ ‘ਚ ਕਲੋਜ਼ਰ ਰਿਪੋਰਟ ਦਾਇਰ ਕੀਤੀ ।