ਅੰਮ੍ਰਿਤਸਰ: ਪੰਜਾਬੀ ਫਿਲਮ ‘ਵਨਸ ਅਪੌਨ ਏ ਟਾਈਮ’ ਇਨ ਅੰਮ੍ਰਿਤਸਰ ਦੇ ਟਰੇਲਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਸਕ ਦ੍ਰਿਸ਼ ਦਿਖਾਏ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਫਿਲਮਾਂ ਵਿੱਚ ਸਿੱਖ ਧਰਮ ਦੀ ਮਰਿਆਦਾ ਦੀ ਹੁੰਦੀ ਉਲੰਘਣਾ ਨੂੰ ਸਥਾਈ ਤੌਰ ‘ਤੇ ਰੋਕਣ ਲਈ ਭਾਰਤੀ ਫਿਲਮ ਸੈਂਸਰ ਬੋਰਡ ਵਿੱਚ ਸਿੱਖ ਨੁਮਾਇੰਦੇ ਸ਼ਾਮਲ ਕੀਤੇ ਜਾਣ ਤਾਂ ਜੋ ਕੋਈ ਵੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਤਰਾਜ਼ਯੋਗ ਦ੍ਰਿਸ਼ ਹਟਾਏ ਜਾ ਸਕਣ।

ਉਨ੍ਹਾਂ ਆਖਿਆ ਕਿ ਫਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਵੱਲੋਂ ਪਹਿਲਾਂ ਅਜਿਹੀਆਂ ਫਿਲਮਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਜਦੋਂ ਮਾਮਲਾ ਸੰਗਤ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਫਿਰ ਮੁਆਫ਼ੀ ਮੰਗਦਿਆਂ ਇਤਰਾਜ਼ਯੋਗ ਦ੍ਰਿਸ਼ ਕੱਟ ਦਿੱਤੇ ਜਾਂਦੇ ਹਨ।ਉਨ੍ਹਾਂ ਆਖਿਆ ਕਿ ਅਜਿਹੇ ਰੁਝਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਭਾਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਇਸ ਸਬੰਧੀ ਸਖ਼ਤ ਤਾੜਨਾ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਫਿਲਮ ਦੇ ਨਿਰਮਾਤਾ ਜਾਂ ਨਿਰਦੇਸ਼ਕ ਨੇ ਸਿੱਖ ਇਤਿਹਾਸ, ਗੁਰੂ ਸਾਹਿਬਾਨ, ਗੁਰਬਾਣੀ ਜਾਂ ਗੁਰਦੁਆਰਿਆਂ ਨਾਲ ਸਬੰਧਤ ਕੋਈ ਦ੍ਰਿਸ਼ ਫਿਲਮਾਉਣੇ ਹਨ ਤਾਂ ਉਹ ਪਹਿਲਾਂ ਇਸ ਸਬੰਧੀ ਆਗਿਆ ਪ੍ਰਾਪਤ ਕਰਨ ਤਾਂ ਜੋ ਮਰਿਆਦਾ ਦੀ ਉਲੰਘਣਾ ਤੋਂ ਬਚਿਆ ਜਾ ਸਕੇ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਲੰਘਣਾ ਕਰਨ ਮਗਰੋਂ ਜਦੋਂ ਸਿੱਖ ਸੰਗਤਾਂ ਵੱਲੋਂ ਰੋਸ ਪ੍ਰਗਟਾਇਆ ਜਾਂਦਾ ਹੈ ਤਾਂ ਫਿਰ ਮੁਆਫ਼ੀ ਮੰਗਣਾ ਕੋਈ ਸਿਆਣੀ ਗੱਲ ਨਹੀਂ। ਉਨ੍ਹਾਂ ਸੁਝਾਅ ਦਿੱਤਾ ਕਿ ਫਿਲਮਾਂ ਵਿੱਚੋਂ ਮਰਿਆਦਾ ਦੀ ਉਲੰਘਣਾ ਵਾਲੇ ਦ੍ਰਿਸ਼ ਕੱਟਣ ਲਈ ਸਥਾਈ ਪ੍ਰਬੰਧ ਕਰਦਿਆਂ ਸੈਂਸਰ ਬੋਰਡ ਵਿੱਚ ਦੋ ਸਿੱਖ ਨੁਮਾਇੰਦੇ ਸ਼ਾਮਲ ਕੀਤੇ ਜਾਣ।