ਜਲੰਧਰ (3 ਨਵੰਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ਾਂਤਮਈ ਰੋਸ ਧਰਨਾ ਦੇ ਰਹ ਸਿੱਖ ‘ਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਦੌਰਾਨ ਸ਼ਹੀਦ ਹੋਏ ਦੋ ਸਿੰਘਾਂ ਦੇ ਸ਼ਹੀਦੀ ਸਮਾਗਮ ਸਮੇ ਪੰਥਕ ਆਗੂਆਂ ਵੱਲੋਂ 3 ਨਵੰਬਰ ਨੂੰ ਸਮੂਹ ਸਿੱਖ ਸੰਗਤ ਨੂੰ ਸੜਕਾਂ ਉੱਪਰ ਕਾਲੀਆਂ ਝੰਡੀਆਂ ਲੈ ਕੇ ਪੁਰਅਮਨ ਤਿੰਨ ਘੰਟੇ ਖੜ੍ਹਨ ਦੇ ਸੱਦੇ ਨੂੰ ਵੱਖ-ਵੱਖ ਥਾਵਾਂ ਤੋਂ ਆ ਰਹੀਆ ਰਿਪੋਰਟਾਂ ਮੁਤਾਬਿਕ ਭਰਵਾਂ ਹੁੰਗਾਰਾ ਮਿਲਿਆ ਹੈ ।
ਸ਼ਹਿਰਾਂ ਤੇ ਕਸਬਿਆਂ ਦੇ ਨਾਲ ਪਿੰਡਾਂ ਵਿਚ ਵੀ ਸਿੱਖ ਸੰਗਤ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਉੱਪਰ ਆਈ ਤੇ ਉਨ੍ਹਾਂ ਵਿਚੋਂ ਕਾਫੀ ਲੋਕਾਂ ਦੇ ਹੱਥਾਂ ਵਿਚ ਮੰਗਾਂ ਲਿਖ ਕੇ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ ।ਰੋਸ ਪ੍ਰਗਟ ਕਰਨ ਵਾਲਿਆਂ ਵਿਚ ਔਰਤਾਂ ਤੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀ ।

ਪੰਥਕ ਸੰਗਠਨ ਤੇ ਰੋਸ ਪ੍ਰਗਟ ਕਰਨ ਵਾਲੇ ਮੰਗ ਕਰ ਰਹੇ ਸਨ ਕਿ ਇਕ ਜੂਨ ਨੂੰ ਪਿੰਡ ਬੁਰਜ ਜਵਾਹਰਕੇ ਤੋਂ ਚੋਰੀ ਹੋਈ ਬੀੜ ਲੱਭੀ ਜਾਵੇ ਤੇ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀ ਫੜੇ ਜਾਣ ।ਕੋਟਕਪੂਰਾ ‘ਚ ਪੁਰਅਮਨ ਲੋਕਾਂ ਉੱਪਰ ਲਾਠੀਚਾਰਜ ਅਤੇ ਬਹਿਬਲ ਕਲਾਂ ‘ਚ ਧਰਨਾ ਦੇ ਰਹੇ ਲੋਕਾਂ ਉੱਪਰ ਚਲਾਈ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਮਾਮਲੇ ਦੇ ਕੇਸ ਪੁਲਿਸ ਵਿਰੁੱਧ ਦਰਜ ਹੋਣ ਤੇ ਦੋਸ਼ੀ ਗਿ੍ਫ਼ਤਾਰ ਕੀਤੇ ਜਾਣ ।
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਸਰਕਾਰ ਵੱਲੋਂ ਇਸ ਘਟਨਾ ਦੀ ਜਾਂਚ ਸੀ.ਬੀ.ਆਈ. ‘ਤੇ ਪ੍ਰਤੀਕਿ੍ਆ ਕਰਦਿਆਂ ਕਿਹਾ ਕਿ ਇਸ ਸਮੁੱਚੇ ਘਟਨਾ ਕ੍ਰਮ ਨਾਲ਼ ਸੰਬੰਧਿਤ ਪਿੰਡ ਬਹਿਬਲ ਕਲਾਂ ਦੇ ਗੋਲੀਕਾਂਡ ਅਤੇ ਗੁਰੂਸਰ ਜਲਾਲ ‘ਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਨੂੰ ਇਸ ਜਾਂਚ ‘ਚ ਸ਼ਾਮਿਲ ਨਾ ਕਰਕੇ ਸਰਕਾਰ ਨੇ ਅਸਲ ਸੱਚ ਨੂੰ ਛਪਾਉਣ ਦੀ ਕੋਝੀ ਚਾਲ ਚੱਲੀ ਹੈ । ਜੇਕਰ ਸਰਕਾਰ ਸਮੁੱਚੇ ਘਟਨਾਕ੍ਰਮ ਦੀ ਸਚਾਈ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੀ ਹੈ ਤਾਂ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਇਸ ਜਾਂਚ ‘ਚ ਸ਼ਾਮਿਲ ਕਰੇ ।
ਪੰਥਕ ਜਥੇਬੰਦੀਆਂ ਦੇ ਆਗੂ ਭਾਈ ਮੋਹਕਮ ਸਿੰਘ ਨੇ ਰੋਸ ਪ੍ਰਗਟਾਵੇ ਦੀ ਸਫਲਤਾ ਉੱਪਰ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਬਰਗਾੜੀ ਬੇਅਦਬੀ ਕਾਂਡ ‘ਚ ਫੜੇ ਬੇਦੋਸ਼ੇ ਨੌਜਵਾਨਾਂ ਬਾਰੇ ਕੀਤੀ ਉਪ ਮੁੱਖ ਮੰਤਰੀ ਅਤੇ ਉੱਚ ਪੁਲਿਸ ਅਧਿਕਾਰੀ ਵੱਲੋਂ ਕੀਤੀ ਬਿਆਨਬਾਜ਼ੀ ਬਾਰੇ ਵੀ ਸਥਿਤੀ ਸਪੱਸ਼ਟ ਕਰੇ ।ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਸੀ. ਬੀ. ਆਈ. ਹਵਾਲੇ ਕਰਨ ਪਰ ਬਹਿਬਲ ਕਲਾਂ ‘ਚ ਪੁਲਿਸ ਵੱਲੋਂ ਚਲਾਈ ਗੋਲੀ ਤੇ ਦੋ ਨੌਜਵਾਨਾਂ ਦੇ ਮਾਰੇ ਜਾਣ ਬਾਰੇ ਚੁੱਪ ਵੱਟ ਜਾਣਾ ਸਰਕਾਰ ਦੀ ਬਦਨੀਤੀ ਨੂੰ ਹੀ ਜ਼ਾਹਰ ਕਰਦਾ ਹੈ ।ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਸਰਕਾਰ ਨੇ ਅਜੇ ਵੀ ਸਬਕ ਨਹੀਂ ਸਿੱਖਿਆ, ਸਗੋਂ ਬਦਨੀਤ ਚਾਲਾਂ ਚੱਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਰਾਹ ਫੜਿਆ ਹੈ ।
ਅੰਮਿ੍ਤਸਰ ਵਿਖੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਬਠਿੰਡਾ ਵਿਖੇ ਬਾਬਾ ਬਲਜੀਤ ਸਿੰਘ ਦਾਦੂਵਾਲ, ਕੋਟਕਪੂਰਾ ਵਿਖੇ ਭਾਈ ਪੰਥਪ੍ਰੀਤ ਸਿੰਘ, ਲੁਧਿਆਣਾ ਵਿਖੇ ਜਵੱਦੀ ਟਕਸਾਲ ਦੇ ਮੁਖੀ ਗਿਆਨੀ ਅਮੀਰ ਸਿੰਘ, ਫੈਡਰੇਸ਼ਨ ਮਹਿਤਾ ਦੇ ਭਾਈ ਪਰਮਜੀਤ ਸਿੰਘ ਖਾਲਸਾ, ਤਰਨਤਾਰਨ ਜ਼ਿਲ੍ਹੇ ‘ਚ ਹਰਮਿੰਦਰ ਸਿੰਘ ਗਿਲ ਅਤੇ ਹੋਰ ਹਜ਼ਾਰਾਂ ਸੰਗਤਾਂ ਨੇ ਕਾਲੀਆਂ ਝੰਡੀਆਂ ਫੜ ਕੇ ਵੱਖ ਵੱਖ ਥਾਈਾ ਮੁੱਖ ਮਾਰਗਾਂ ਦੇ ਕਿਨਾਰਿਆਂ ‘ਤੇ ਰੋਸ ਪ੍ਰਦਰਸ਼ਨ ਕਰਦਿਆਂ ਵਾਹਿਗੁਰੂ ਦਾ ਜਾਪ ਕੀਤਾ ।
ਅੱਜ ਦੇ ਰੋਸ ਪ੍ਰਦਰਸ਼ਨ ਦੀ ਨਿਵੇਕਲੀ ਗੱਲ ਇਹ ਰਹੀ ਕਿ ਸੰਗਤਾਂ ਥਾਂ-ਥਾਂ ਸੜਕਾਂ ਉੱਪਰ ਖੜ੍ਹੀਆਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰ ਰਹੀਆਂ ਸਨ ।ਕਿਧਰੇ ਵੀ ਕਿਸੇ ਵੱਲੋਂ ਨਾ ਆਵਾਜਾਈ ‘ਚ ਵਿਘਨ ਪਾਇਆ ਗਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਰੁਕਾਵਟ ਹੀ ਖੜ੍ਹੀ ਕੀਤੀ ਗਈ ।ਇਕ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਅੰਦਰ ਰੋਸ ਪ੍ਰਗਟ ਕਰਨ ਦੇ ਤਰੀਕੇ ‘ਚ ਤਾਂ ਵੱਡੀ ਤਬਦੀਲੀ ਆਈ, ਪਰ ਪੁਲਿਸ ਦੇ ਵਤੀਰੇ ‘ਚ ਕਿਧਰੇ ਵੀ ਬਦਲਾਅ ਨਜ਼ਰ ਨਹੀਂ ਆਇਆ ।
ਅਨੇਕ ਥਾਵਾਂ ਉੱਪਰ ਪੁਲਿਸ ਭਾਰੀ ਗਿਣਤੀ ਵਿਚ ਚੌਕਾਂ ਤੇ ਹੋਰ ਅਹਿਮ ਥਾਵਾਂ ਉੱਪਰ ਪਹਿਲਾਂ ਵਾਂਗ ਹੀ ਖੜ੍ਹੀ ਸੀ ।ਪਰ ਅੱਜ ਦੇ ਸ਼ਾਂਤਮਈ ਰੋਸ ਪ੍ਰਗਟਾਵੇ ਨੂੰ ਦੇਖਦਿਆਂ ਬਹੁਤ ਸਾਰੇ ਪੁਲਿਸ ਅਧਿਕਾਰੀ ਇਹ ਵੀ ਕਹਿੰਦੇ ਸੁਣੇ ਗਏ ਕਿ ਜੇ ਸੰਘਰਸ਼ ਕਰਨ ਵਾਲੇ ਬਦਲ ਰਹੇ ਹਨ ਤਾਂ ਪੁਲਿਸ ਨੂੰ ਵੀ ਆਪਣਾ ਤਰੀਕਾ ਬਦਲਣਾ ਚਾਹੀਦਾ ਹੈ ।