ਮੁਕਤਸਰ: ਗਿੱਦੜਬਾਹਾ ਹਲਕੇ ਦੇ ਪਿੰਡ ਕੋਟਭਾਈ ਵਿੱਚ ਪੋਸਟਰ ਲਾਉਣ ਅਤੇ ਪੋਸਟਰ ਲਾਹੁਣ ਨੂੰ ਲੈ ਕੇ ਬਾਦਲ ਦਲ ਤੇ ਕਾਂਗਰਸੀ ਧੜਿਆਂ ਵਿੱਚ ਤਕਰਾਰ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਇੱਟਾਂ ਰੋੜੇ ਵੀ ਚੱਲੇ। ਇਹ ਘਟਨਾ ਥਾਣਾ ਕੋਟਭਾਈ ਦੇ ਬਾਹਰ ਵਾਪਰੀ, ਜਿਸ ਪਿੱਛੋਂ ਪਿੰਡ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।

ਇਸ ਸਬੰਧੀ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਪਿੰਡ ਦੀ ਬਸਤੀ ਮਾਨਾਂ ਵਿੱਚ ਬਾਦਲ ਦਲ ਦੇ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਦੇ ਝੰਡੇ ਅਤੇ ਪੋਸਟਰ ਪਾੜੇ ਜਾ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਬਾਦਲ ਦਲ ਦੇ ਵਰਕਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਬਾਦਲ ਦਲ ਦੇ ਆਗੂਆਂ ਵੱਲੋਂ ਉਸ ਨੂੰ ਫ਼ੋਨ ਉੱਤੇ ਧਮਕੀਆਂ ਦਿੱਤੀਆਂ ਗਈਆਂ। ਜਦੋਂ ਇਸ ਸਬੰਧੀ ਉਹ ਸਬੰਧਿਤ ਧਿਰ ਨਾਲ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਨੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਬਾਦਲ ਦਲ ਨਾਲ ਸਬੰਧਿਤ ਵਰਕਰਾਂ ਨੇ ਦੱਸਿਆ ਕਿ ਪਿੰਡ ਵਿੱਚ ਕਾਂਗਰਸੀ ਵਰਕਰ ਇਕੱਠੇ ਹੋ ਕੇ ਆਏ ਅਤੇ ਉਨ੍ਹਾਂ ਨੂੰ ਪੋਸਟਰ ਲਾਉਣ ਤੋਂ ਰੋਕਿਆ। ਰੋਸ ਜ਼ਾਹਿਰ ਕਰਨ ’ਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨਾਲ ਬਹਿਸ ਕੀਤੀ ਅਤੇ ਗਾਲ੍ਹਾਂ ਕੱਢੀਆਂ ਅਤੇ ਕੁਝ ਦੇਰ ਬਾਅਦ ਬਾਦਲ ਦਲ ਦੇ ਕੋਟਭਾਈ ਦਫ਼ਤਰ ਦੇ ਬਾਹਰ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਧਿਰਾਂ ਦੇ ਇਕ-ਇਕ ਕਾਰਜਕਰਤਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਬਾਦਲ ਦਲ ਨੇ ਮਾਮਲੇ ਸਬੰਧੀ ਸ਼ਿਕਾਇਤ ਥਾਣਾ ਕੋਟਭਾਈ ਨੂੰ ਦਿੱਤੀ ਹੈ, ਜਦੋਂਕਿ ਕਾਂਗਰਸੀ ਧਿਰ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਇਸ ਸਬੰਧੀ ਐਸ.ਪੀ.ਡੀ. ਬਲਜੀਤ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਜੋ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।