ਜਲੰਧਰ: ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ‘ਕਾਂਗਰਸ ਲਿਆਓ ਪੰਜਾਬ ਬਚਾਓ’ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਆਦਮਪੁਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸਵਾਈਐਲ ਮੁੱਦੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਰਾਮੇਬਾਜ਼ੀ ਕਰ ਰਹੇ ਹਨ ਜਦਕਿ ਹਰਿਆਣਾ ਵਿੱਚ ਉਹ ਆਪਣੇ ਦੋਸਤ ਦੇਵੀ ਲਾਲ ਨੂੰ ਪਾਣੀ ਦੇਣ ਲਈ ਕਹਿੰਦੇ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਪਾਣੀਆਂ ਅਤੇ ਕਿਸਾਨਾਂ ਦੇ ਹਿੱਆਂ ’ਤੇ ਡੱਟ ਕੇ ਪਹਿਰਾ ਦਿੱਤਾ ਹੈ ਅਤੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਜਦਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ।

ਬੀਬੀ ਭੱਠਲ ਨੇ ਕਿਹਾ ਕਿ ਸਰਕਾਰ ਪੰਜਾਬ ਵਿੱਚ ਰਿਕਾਰਡਤੋੜ ਵਿਕਾਸ ਦੇ ਵਾਅਦੇ ਕਰਕੇ ਲੋਕਾਂ ਨੂੰ ਸਬਜ਼ਬਾਗ ਦਿਖਾ ਰਹੀ ਹੈ ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ’ਚ ਵਿਕਾਸ ਦੀ ਥਾਂ ਵਿਨਾਸ਼ ਹੀ ਕੀਤਾ ਹੈ। ਇਸ ਸਰਕਾਰ ਦੇ 9 ਸਾਲਾਂ ਦੇ ਰਾਜ ਵਿੱਚ ਹਰ ਪਾਸੇ ਗਰੀਬੀ ਮਹਿੰਗਾਈ ਤੇ ਭ੍ਰਿਸ਼ਟਾਚਾਰ ਹੈ ਅਤੇ ਰੇਤਾ ਬੱਜਰੀ, ਇੰਡਸਟਰੀ, ਕੇਬਲ, ਬੱਸਾਂ, ਸ਼ਰਾਬ ’ਤੇ ਭੂ-ਮਾਫੀਆ ਦਾ ਕਬਜ਼ਾ ਕੀਤਾ ਹੋਇਆ ਹੈ। ਭੱਠਲ ਨੇ ਕਿਹਾ ਕਿ ਪਹਿਲਾਂ ਪੰਜਾਬ ਨੂੰ ਚਿੱਟੀ ਮੱਖੀ ਤੇ ਚਿੱਟੇ ਨਸ਼ੇ ਨੇ ਨੁਕਸਾਨ ਪਹੁੰਚਾਇਆ ਹੈ ਤੇ ਹੁਣ ਚਿੱਟੀ ਟੋਪੀ ਵਾਲੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਟੋਪੀਆਂ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹਲਕੇ ਦੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਐਮ.ਪੀ.ਚੌਧਰੀ ਸਂਤੋਖ ਸਿੰਘ, ਸਾਬਕਾ ਐਮ.ਪੀ. ਸੰਤੋਸ਼ ਚੌਧਰੀ, ਜਗਬੀਰ ਸਿੰਘ ਬਰਾੜ, ਰਾਣਾ ਕੇ.ਪੀ., ਰਾਣਾ ਰੰਧਾਵਾ, ਅਸ਼ਵਨ ਭੱਲਾ, ਸੇਠ ਸੱਤਪਾਲ ਮੱਲ, ਅਵਤਾਰ ਹੈਨਰੀ ਨੇ ਵੀ ਸੰਬੋਧਨ ਕੀਤਾ।