Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Iran US 2026 War

ਅਮਰੀਕਾ ਵੱਲੋਂ ਈਰਾਨ ’ਤੇ ਜ਼ਮੀਨੀ ਹਮਲੇ ਦੀ ਤਿਆਰੀ: ਕੀ ਹੋ ਸਕਦਾ ਹੈ ਟਕਰਾਅ ਦਾ ਸੰਭਾਵੀ ਦ੍ਰਿਸ਼?

ਅਮਰੀਕਾ ਵੱਲੋਂ ਈਰਾਨ ’ਤੇ ਜ਼ਮੀਨੀ ਹਮਲੇ ਦੀ ਤਿਆਰੀ: ਕੀ ਹੋ ਸਕਦਾ ਹੈ ਟਕਰਾਅ ਦਾ ਸੰਭਾਵੀ ਦ੍ਰਿਸ਼?

ਅਮਰੀਕਾ ਵੱਲੋਂ ਈਰਾਨ ਦੇ ਖਾਰਗ ਟਾਪੂ (ਜਿੱਥੋਂ ਈਰਾਨ ਦਾ 90% ਤੇਲ ਬਰਾਮਦ/ਐਕਸਪੋਰਟ ਹੁੰਦਾ ਹੈ) ਉੱਤੇ ਬੰਬਾਰੀ ਕਰਨ ਅਤੇ ਯੂ.ਐਸ.ਐਸ ਤ੍ਰਿਪੋਲੀ (USS Tripoli) ਵਰਗੇ ਜੰਗੀ ਜਹਾਜ਼ਾਂ ਤੇ ਸਮੁੰਦਰੀ ਫੌਜਾਂ ਨੂੰ ਚੱਲ ਰਹੇ ਟਕਰਾਅ ਦੇ ਖੇਤਰ ਵਿੱਚ ਭੇਜਣ ਤੋਂ ਬਾਅਦ, ਅਮਰੀਕਾ ਦੇ ਜ਼ਮੀਨੀ ਹਮਲੇ ਦੀਆਂ ਚਰਚਾਵਾਂ ਵੱਧ ਗਈਆਂ ਹਨ। ਪਰ ਇਹ ਹਮਲਾ ਕਿਵੇਂ ਹੋ ਸਕਦਾ ਹੈ? ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹੁੰਚ ਦਰਸਾਉਂਦੀ ਹੈ ਕਿ ਅਮਰੀਕਾ ਦਾ ਟੀਚਾ ਫਾਰਸ ਦੀ ਖਾੜੀ ਦੇ ਤੱਟਵਰਤੀ ਇਲਾਕਿਆਂ ‘ਤੇ ਕਬਜ਼ਾ ਕਰਨਾ ਹੋਵੇਗਾ, ਨਾ ਕਿ ਪੂਰੇ ਦੇਸ਼ ਨੂੰ ਜਿੱਤਣਾ। ਇਸ ਦਾ ਮਕਸਦ ਈਰਾਨ ਦੇ ਊਰਜਾ ਢਾਂਚੇ ਅਤੇ ਹੋਰਮੁਜ਼ ਜਲਡਮਰੂ ਲਾਂਘੇ (Strait of Hormuz) ‘ਤੇ ਪ੍ਰਭਾਵ ਬਣਾ ਕੇ ਸਿਆਸੀ ਛੋਟਾਂ ਹਾਸਲ ਕਰਨਾ ਹੋਵੇਗਾ, ਨਾ ਕਿ ਇਰਾਨ ਵਿਚ ਸੱਤਾ ਪਲਟ ਕਰਨਾ।

▸ ਹਮਲੇ ਦਾ ਸੰਭਾਵੀ ਸਥਾਨ: ਭੂਗੌਲਿਕ ਤੌਰ ਉੱਤੇ ਈਰਾਨ ਦੇ ਉੱਤਰ ਅਤੇ ਪੱਛਮ ਵਿੱਚ ਪਹਾੜ ਕੁਦਰਤੀ ਰੱਖਿਆ ਦਾ ਕੰਮ ਕਰਦੇ ਹਨ, ਜਿਸ ਕਾਰਨ ਜ਼ਮੀਨੀ ਹਮਲਾ ਬਹੁਤ ਮਹਿੰਗਾ ਅਤੇ ਹੌਲੀ ਰਫਤਾਰ ਵਾਲਾ ਹੋ ਸਕਦਾ ਹੈ। 

ਜ਼ਾਗਰੋਸ (Zagros) ਪਹਾੜੀਆਂ ਰਾਹੀਂ ਪੱਛਮੀ ਰਸਤਾ ਵੀ ਸੰਭਵ ਨਹੀਂ ਹੈ, ਕਿਉਂਕਿ ਈਰਾਨੀ ਕੁਰਦ ਸਮੂਹਾਂ ਵੱਲੋਂ ਸਿਆਸੀ ਜਾਮਨੀ (ਗਾਰੰਟੀ) ਦੀ ਮੰਗ ਤੋਂ ਬਾਅਦ ਇਹਨਾ ਨਾਲ ਅਮਰੀਕਾ ਦੀ ਗੱਲਬਾਤ ਰੁਕ ਗਈ ਹੈ। 

ਪਾਕਿਸਤਾਨ ਰਾਹੀਂ ਪੂਰਬੀ ਜ਼ਮੀਨੀ ਰਸਤਾ ਵੀ ਅਸੰਭਵ ਹੈ, ਕਿਉਂਕਿ ਖਾਮੇਨੇਈ ਦੀ ਮੌਤ ਤੋਂ ਬਾਅਦ ਪਾਕਿਸਤਾਨ ਵਿੱਚ ਅਮਰੀਕਾ ਅਤੇ ਇਜ਼ਰਾਈਲ ਦਾ ਭਾਰੀ ਵਿਰੋਧ ਹੈ ਅਤੇ ਪਾਕਿਸਤਾਨ-ਅਫ਼ਗਾਨਿਸਤਾਨ ਦਾ ਚੱਲ ਰਿਹਾ ਟਕਰਾਅ ਵੀ ਇਸ ਵਿਕਲਪ ਨੂੰ ਗੁੰਝਲਦਾਰ ਬਣਾਉਂਦਾ ਹੈ। 

ਅਜਿਹੇ ਵਿੱਚ ਫਾਰਸ ਦੀ ਖਾੜੀ ਦੇ ਤੱਟਵਰਤੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਾ, ਤੇਲ ਭੰਡਾਰਾਂ ‘ਤੇ ਕਬਜ਼ਾ ਕਰਨਾ ਅਤੇ ਹੋਰਮੁਜ਼ ਜਲਡਮਰੂ ਲਾਂਘੇ ’ਤੇ ਈਰਾਨ ਦਾ ਪ੍ਰਭਾਵ ਘਟਾਉਣਾ ਅਮਰੀਕਾ ਲਈ ਵਧੇਰੇ ਵਿਹਾਰਕ ਵਿਕਲਪ ਲੱਗ ਰਿਹਾ ਹੈ।

ਜ਼ਿਕਰਯੋਗ ਹੈ ਕਿ ਜ਼ਾਗਰੋਸ ਪਹਾੜਲੜੀ ਸਿਰਫ਼ ਇੱਕ ਭੌਤਿਕ ਰੁਕਾਵਟ ਨਹੀਂ ਹਨ, ਸਗੋਂ ਇੱਥੇ ਤੋਪਖਾਨੇ, ਡਰੋਨ ਅਤੇ ਮਿਜ਼ਾਈਲ ਢਾਂਚੇ (ਸਿਸਟਮ) ਮੌਜੂਦ ਹਨ ਜਿਨ੍ਹਾਂ ਨੂੰ ਨਸ਼ਟ ਕਰਨਾ ਮੁਸ਼ਕਲ ਹੋਵੇਗਾ। ਇਹ ਅਮਰੀਕੀ ਹਮਲੇ ਦੀਆਂ ਯੋਜਨਾਵਾਂ ਨੂੰ ਵਿਗਾੜ ਸਕਦੇ ਹਨ।

Iran US 2026 War

▸ ਹਮਲੇ ਦਾ ਤਰੀਕਾ: ਇਸ ਮੁਹਿੰਮ ਵਿੱਚ ਤੇਲ ਨਾਲ ਭਰਪੂਰ ਟਾਪੂਾਂ ਜਿਵੇਂ ਕਿ ਖਾਰਗ, ਰਣਨੀਤਕ ਤੌਰ ‘ਤੇ ਅਹਿਮ ਕੇਸ਼ਮ (Qeshm) ਟਾਪੂ, ਜਾਂ ਵਿਵਾਦਤ ਟਾਪੂਆਂ ‘ਤੇ ਕਬਜ਼ਾ ਕਰਨ ਲਈ ਜਲ ਤੇ ਥਲ ਹਮਲਾ ਸ਼ਾਮਲ ਹੋ ਸਕਦਾ ਹੈ। ਭਾਵੇਂ ਇਸ ਲਈ ਘੱਟ ਫੌਜਾਂ ਦੀ ਲੋੜ ਹੈ, ਪਰ ਵਿਹਾਰਕ (ਆਪ੍ਰੇਸ਼ਨਲ) ਜੋਖਮ ਵਧੇਰੇ ਹੈ। 

ਦੱਖਣ-ਪੱਛਮੀ ਸੂਬੇ ਖੁਜ਼ੇਸਤਾਨ (Khuzestan) ਰਾਹੀਂ ਜ਼ਮੀਨੀ ਹਮਲਾ ਦੂਜਾ ਵਿਕਲਪ ਹੈ, ਜਿਸ ਵਿੱਚ ਇੱਕ ਵੱਡਾ ਗੱਠਜੋੜ ਅਤੇ ਜ਼ਿਆਦਾ ਫੌਜਾਂ ਦੀ ਲੋੜ ਹੋਵੇਗੀ।

ਅਮਰੀਕਾ ਦਾ ਇੱਕ ਜਲ-ਥਲ ਹਮਲਾ ਸੰਭਾਵਤ ਤੌਰ ’ਤੇ ਖਾਰਗ ਟਾਪੂ ਨੂੰ ਨਿਸ਼ਾਨਾ ਬਣਾਏਗਾ, ਕਿਉਂਕਿ ਅਮਰੀਕੀ ਹਮਲਿਆਂ ਵਿਚ ਉੱਥੇ ਈਰਾਨੀ ਫੌਜੀ ਸੰਪਤੀਆਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਪੱਛਮੀ ਏਸ਼ੀਆ ਵਿੱਚ 5,000 ਤੋਂ ਵੱਧ ਅਮਰੀਕੀ ਸਮੁੰਦਰੀ ਫੌਜਾਂ (ਮਰੀਨਜ਼) ਦੀ ਤੈਨਾਤੀ ਇਸ ਵਿਕਲਪ ਦੀ ਸੰਭਾਵਨਾ ਨੂੰ ਵਧਾਉਂਦੀ ਹੈ। 

ਖੁਜ਼ੇਸਤਾਨ ਵਿੱਚ ਜ਼ਮੀਨੀ ਹਮਲੇ ਲਈ ਅਮਰੀਕੀ ਫੌਜਾਂ ਇਰਾਕ ਜਾਂ ਕੁਵੈਤ ਵੱਲੋਂ ਦਾਖਲ ਹੋਣਗੀਆਂ। ਪਹਿਲੇ ਪੜਾਅ ਵਿੱਚ ਅਹਵਾਜ਼ (Ahvaz) ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜਿੱਥੇ ਈਰਾਨ ਦਾ ਸਭ ਤੋਂ ਵੱਡਾ ਤੇਲ ਖੇਤਰ ਹੈ। ਖੁਜ਼ੇਸਤਾਨ ਵਿੱਚ ਗਚਸਰਨ, ਮਾਰੂਨ, ਬੀਬੀ ਹਕੀਮੇਹ ਵਰਗੇ ਹੋਰ ਪ੍ਰਮੁੱਖ ਤੇਲ ਖੇਤਰ ਵੀ ਹਨ, ਜੋ ਇਸ ਇਲਾਕੇ ਨੂੰ ਇੱਕ ਅਹਿਮ ਊਰਜਾ ਸਰੋਤ ਕੇਂਦਰ ਬਣਾਉਂਦੇ ਹਨ। ਇਸ ਖੇਤਰ ਵਿੱਚ ਈਰਾਨੀ ਪ੍ਰਮਾਣੂ ਟਿਕਾਣਿਆਂ ‘ਤੇ ਕਬਜ਼ਾ ਕਰਨਾ ਵੀ ਅਮਰੀਕਾ ਦਾ ਇੱਕ ਮੁੱਖ ਟੀਚਾ ਹੋ ਸਕਦਾ ਹੈ।

ਇਕ ਸੰਭਾਵਨਾ ਇਹ ਵੀ ਹੈ ਕਿ ਤੇਲ ਦੇ ਬੁਨਿਆਦੀ ਢਾਂਚੇ ‘ਤੇ ਕਬਜ਼ਾ ਕਰਨ ਤੋਂ ਬਾਅਦ, ਅਮਰੀਕੀ ਫੌਜਾਂ ਬੁਸ਼ੇਹਰ (Bushehr) ਅਤੇ ਬੰਦਰ ਅੱਬਾਸ (Bandar Abbas) ਵੱਲ ਵੱਧ ਸਕਦੀਆਂ ਹਨ। ਇਮਾਮ ਖੋਮੈਨੀ ਅਤੇ ਬੰਦਰ ਅੱਬਾਸ ਵਰਗੀਆਂ ਪ੍ਰਮੁੱਖ ਬੰਦਰਗਾਹਾਂ ’ਤੇ ਕਬਜ਼ਾ ਕਰਨ ਨਾਲ ਈਰਾਨ ਦੀ ਫੌਜੀ ਅਤੇ ਆਰਥਿਕ ਸਥਿਤੀ ਕਮਜ਼ੋਰ ਹੋਵੇਗੀ। 

ਜੇਕਰ ਅਜਿਹੀ ਯੋਜਨਾ ਵਿਚ ਅਮਰੀਕਾ ਸਫਲ ਰਹਿੰਦਾ ਹੈ ਤਾਂ ਇਸ ਨਾਲ ਡੋਨਲਡ ਟਰੰਪ ਨੂੰ ‘ਰਣਨੀਤਕ ਚੋਣ’ ਦਾ ਮੌਕਾ ਮਿਲੇਗਾ ਕਿ ਉਹ ਜਿੱਤ ਦਾ ਐਲਾਨ ਕਰਕੇ ਰੁਕ ਜਾਵੇ ਜਾਂ ਸਥਾਨਕ ਵਿਰੋਧੀ ਧੜਿਆਂ ਦੇ ਸਹਿਯੋਗ ਨਾਲ ਦੇਸ਼ ਦੇ ਅੰਦਰ ਵੱਲ ਹੋਰ ਵਧੇ।

▸ ਕਾਰਵਾਈ ਅਟੱਲ ਕਿਉਂ ਜਾਪਦੀ ਹੈ: ਖਬਰਾਂ ਅਨੁਸਾਰ ਈਰਾਨ ਦੀ ਨਵੀਂ ਅਗਵਾਈ (ਲੀਡਰਸ਼ਿਪ) ਨੇ ਗੱਲਬਾਤ ਮੁੜ ਸ਼ੁਰੂ ਕਰਨ ਦੇ ਡੋਨਲਡ ਟਰੰਪ ਦੇ ਸੱਦੇ ਨੂੰ ਰੱਦ ਕਰ ਦਿੱਤਾ ਹੈ। ਇਸ ਲਈ, ਅਮਰੀਕਾ ਈਰਾਨ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਲਈ ਦਬਾਅ ਬਣਾਉਣ ਦਾ ਤਰੀਕਾ ਲੱਭ ਰਿਹਾ ਹੈ। ਸੰਵੇਦਨਸ਼ੀਲ ਇਲਾਕਿਆਂ ‘ਤੇ ਕਬਜ਼ਾ ਕਰਨ ਨਾਲ ਇਹ ਮੌਕਾ ਮਿਲ ਸਕਦਾ ਹੈ। 

ਦੂਜਾ, ਇਹ ਗੱਲ ਅਮਰੀਕਾ ਵੀ ਜਾਣਦਾ ਹੈ ਕਿ ਪੱਛਮੀ ਏਸ਼ੀਆ ਵਿੱਚ ਅਮਰੀਕੀ ਭਾਈਵਾਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਅਮਰੀਕੀ ਸੁਰੱਖਿਆ ਗਾਰੰਟੀ ’ਤੇ ਭਰੋਸਾ ਘਟਾਇਆ ਹੈ। ਟਰੰਪ ਪ੍ਰਸ਼ਾਸਨ ਦੀ ਇਹ ਸੋਚ ਹੋ ਸਕਦੀ ਹੈ ਕਿ ਇੱਕ ਫੈਸਲਾਕੁੰਨ ਜ਼ਮੀਨੀ ਕਾਰਵਾਈ ਅਮਰੀਕਾ ਨੂੰ ਖੇਤਰ ਵਿੱਚ ਇੱਕ ਭਰੋਸੇਯੋਗ ਸੁਰੱਖਿਆ ਜਾਮਨ (ਗਾਰੰਟਰ) ਵਜੋਂ ਮੁੜ ਸਥਾਪਿਤ ਕਰ ਸਕਦੀ ਹੈ। 

ਤੀਜਾ, ਅਮਰੀਕਾ ਦੀ ਇਹ ਸੋਚ ਲੱਗਦੀ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ, ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਕਰਨ ਨਾਲ ਸਮੁੰਦਰੀ ਲਾਂਘਿਆਂ ਦੇ ਰੱਖਿਅਕ ਵਜੋਂ ਅਮਰੀਕਾ ਦੀ ਭੂਮਿਕਾ ਦੀ ਪੁਸ਼ਟੀ ਹੋਵੇਗੀ ਅਤੇ ਚੀਨ ਅਤੇ ਰੂਸ ਵਰਗੇ ਵਿਰੋਧੀਆਂ ਨੂੰ ਵੀ ਰੋਕਿਆ ਜਾ ਸਕੇਗਾ।

▸ ਅਮਰੀਕਾ ਲਈ ਇਹ ਸੌਖੀ ਕਾਰਵਾਈ ਨਹੀਂ ਹੋਵੇਗਾ: ਕਬਜ਼ੇ ਵਾਲੇ ਟਾਪੂਆਂ ’ਤੇ ਅਮਰੀਕੀ ਫੌਜਾਂ ਨੂੰ ਜ਼ਾਗਰੋਸ ਪਹਾੜਾਂ ਵਿੱਚੋਂ ਲਗਾਤਾਰ ਬੰਬਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਦੇ ਪੂਰਤੀ ਮਾਰਗ (ਸਪਲਾਈ ਲਾਈਨਾਂ) ਵੀ ਈਰਾਨੀ ਹਮਲਿਆਂ ਦੇ ਖਤਰੇ ਹੇਠ ਹੀ ਰਹਿਣਗੀਆਂ। ਤੱਟਵਰਤੀ ਹਮਲੇ ਵਿੱਚ ਵੀ ਬੁਸ਼ੇਹਰ ਅਤੇ ਬੰਦਰ ਅੱਬਾਸ ਵਿਚਕਾਰ ਪਹਾੜੀ ਰਸਤਾ ਫੌਜ ਦੀ ਚਾਲ ਨੂੰ ਹੌਲੀ ਕਰ ਸਕਦਾ ਹੈ।

ਈਰਾਨ ਦੇ ਘਰੇਲੂ ਹਾਲਾਤ ਵੀ ਅਨਿਸ਼ਚਿਤਤਾ ਨੂੰ ਵਧਾਉਂਦੇ ਹਨ। 1980 ਵਿੱਚ ਸੱਦਾਮ ਹੁਸੈਨ ਦੇ ਹਮਲੇ ਸਮੇਂ ਈਰਾਨੀ ਰਾਸ਼ਟਰੀ ਪਛਾਣ ਕਾਫ਼ੀ ਮਜ਼ਬੂਤ ਸਾਬਤ ਹੋਈ ਸੀ। ਅਮਰੀਕੀ ਹਮਲਾ ਵੀ ਅਜਿਹੀ ਹੀ ਪ੍ਰਤੀਕਿਰਿਆ ਪੈਦਾ ਕਰ ਸਕਦਾ ਹੈ। 

ਅੰਤਰਰਾਸ਼ਟਰੀ ਪੱਧਰ ’ਤੇ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਵਾਲੀ ਮੁਹਿੰਮ ਨੂੰ ਸ਼ਾਇਦ ਸ਼ੁਰੂਆਤੀ ਸਮਰਥਨ ਮਿਲ ਜਾਵੇ, ਪਰ ਈਰਾਨ ਦੇ ਤੇਲ ਭੰਡਾਰਾਂ ਅਤੇ ਪ੍ਰਮਾਣੂ ਭੰਡਾਰਾਂ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਅਮਰੀਕਾ ਇਕੱਲਾ ਰਹਿ ਸਕਦਾ ਹੈ। 

ਸਾਊਦੀ ਅਰਬ, ਯੂਏਈ ਅਤੇ ਕਤਰ ਵਰਗੇ ਅਮਰੀਕਾ ਦੇ ਭਾਈਵਾਲ ਇਸ ਗੱਠਜੋੜ ਕਾਰਵਾਈ ਵਿੱਚ ਖੁੱਲ੍ਹ ਕੇ ਸ਼ਾਮਲ ਨਹੀਂ ਹੋਣਾ ਚਾਹੁਣਗੇ, ਖਾਸ ਕਰਕੇ ਜਦੋਂ ਈਰਾਨ ਉਨ੍ਹਾਂ ’ਤੇ ਹਮਲਾ ਕਰਨ ਦੀ ਇੱਛਾ ਪਹਿਲਾਂ ਹੀ ਜ਼ਾਹਰ ਕਰ ਚੁੱਕਾ ਹੈ।

ਇਸ ਤੋਂ ਇਲਾਵਾ, ਈਰਾਨ ਨੇ ਆਪਣੇ ਦੱਖਣ-ਪੱਛਮੀ ਖੇਤਰ ਦੀ ਰਾਖੀ ਲਈ ਵਿਆਪਕ ਤਿਆਰੀਆਂ ਕੀਤੀਆਂ ਹੋਣਗੀਆਂ। ਵਲੰਟੀਅਰ ਫੋਰਸਾਂ ਅਤੇ ਮਜ਼ਬੂਤ ਫੌਜੀ ਢਾਂਚੇ ਕਿਸੇ ਵੀ ਹਮਲੇ ਨੂੰ ਹੌਲੀ ਕਰ ਸਕਦੇ ਹਨ। ਭਾਵੇਂ ਆਰਥਿਕ ਮਜਬੂਰੀਆਂ ਕਾਰਨ ਈਰਾਨ ਲੰਬੀ ਜੰਗ ਨਾ ਲੜ ਸਕੇ, ਪਰ ਟਰੰਪ ਲਈ ਵੀ ਇੱਕ ਲੰਬੇ ਟਕਰਾਅ ਵਾਸਤੇ ਅਮਰੀਕਾ ਵਿਚੋਂ ਘਰੇਲੂ ਸਿਆਸੀ ਸਮਰਥਨ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ, ਇਰਾਨ ਵੱਲੋਂ "ਹੰਝੂਆਂ ਦਾ ਦਰਵਾਜ਼ਾ" (ਬਾਬ ਅਲ-ਮੰਡਬ ਜਲਡਮਰੂ) ਬੰਦ ਕਰਨ ਦੀ ਚੇਤਾਵਨੀ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਜਾਣੋ ਇਸ
ਹੋਰਮੁਜ਼ ਜਲਡਮਰੂ ਆਲਮੀ ਊਰਜਾ ਬਾਜ਼ਾਰ ਦੀ ਜੀਵਨ-ਰੇਖਾ ਹੈ, ਜਿੱਥੋਂ ਦੁਨੀਆ ਦਾ 20% ਤੇਲ ਅਤੇ LNG ਵਪਾਰ ਹੁੰਦਾ ਹੈ। 2026 ਦੇ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਵਿੱਚ, ਇਸ 33 ਕਿਲੋਮੀਟਰ ਤੰਗ ਲਾਂਘੇ ਦੀ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਸਾਂਝੇ ਹਵਾਈ ਹਮਲੇ ਵਿੱਚ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਹੋ ਗਈ ਹੈ। ਹਮਲੇ ਕਾਰਨ ਨਾਗਰਿਕਾਂ ਦਾ ਭਾਰੀ ਜਾਨੀ ਨੁਕਸਾਨ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ "ਵੱਡੀ ਜੰਗੀ ਕਾਰਵਾਈ" ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਮੱਧ ਪੂਰਬ ਵਿੱਚ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਈਰਾਨ ਨੇ ਵੀ ਜਵਾਬੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: